For the best experience, open
https://m.punjabitribuneonline.com
on your mobile browser.
Advertisement

ਰੰਗਮੰਚ ਉਤਸਵ: ਦੂਜੇ ਦਿਨ ‘ਲਿਥੁਏਨੀਆ’ ਨਾਟਕ ਦੀ ਪੇਸ਼ਕਾਰੀ

07:02 AM Mar 29, 2024 IST
ਰੰਗਮੰਚ ਉਤਸਵ  ਦੂਜੇ ਦਿਨ ‘ਲਿਥੁਏਨੀਆ’ ਨਾਟਕ ਦੀ ਪੇਸ਼ਕਾਰੀ
ਨਾਟਕ ਦਾ ਮੰਚਨ ਕਰਦੇ ਹੋਏ ਰੰਗਕਰਮੀ। ਫੋਟੋ:ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 28 ਮਾਰਚ
‘ਕਲਾ ਦੀ ਆਪਣੀ ਭਾਸ਼ਾ ਹੁੰਦੀ ਹੈ ਅਤੇ ਸੱਚੀ ਕਲਾ ਆਪਣੀ ਇਸ ਭਾਸ਼ਾ ਰਾਹੀਂ ਹਰ ਮਨੁੱਖ ਦੇ ਮਨ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਕਲਾ ਸ਼ਾਂਤੀ ਤਾਂ ਹੈ ਹੀ ਪਰ ਇਹ ਸਾਨੂੰ ਅਸ਼ਾਂਤ ਪ੍ਰਸਥਿਤੀਆਂ ਵਿੱਚ ਸ਼ਾਂਤੀ ਵਾਸਤੇ ਯੁੱਧ ਕਰਨਾ ਵੀ ਸਿਖਾਉਂਦੀ ਹੈ।’ ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ‘ਰੰਗਮੰਚ ਉਤਸਵ’ ਦੇ ਦੂਜੇ ਦਿਨ ਕਹੀ।
ਥੀਏਟਰ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ‘ਰੰਗਮੰਚ ਉਤਸਵ’ ਦੇ ਬੈਨਰ ਹੇਠਾਂ ਕਰਵਾਏ ਜਾ ਰਹੇ ਚਾਰ ਰੋਜ਼ਾ ਇਸ ਦੂਜੇ ਦਿਨ ਰੁਪਰਟ ਬਰੁਕ ਵੱਲੋਂ ਲਿਖਿਤ ਨਾਟਕ ‘ਲਿਥੁਏਨੀਆ’ ਨੂੰ ਹਰਮੀਤ ਭੁੱਲਰ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ‘ਰੰਗਮੰਚ ਉਤਸਵ’ ਦੀ ਕੋਆਰਡੀਨੇਟਰ ਡਾ. ਜਸਪਾਲ ਦਿਉਲ ਵੱਲੋਂ ‘ਵਿਸ਼ਵ ਰੰਗਮੰਚ ਦਿਵਸ ਸੰਦੇਸ਼ 2024’ ਪੜ੍ਹਿਆ ਗਿਆ ਜਿਸ ਦੀ ਆਖਰੀ ਸਤਰ ਸੀ ਕਿ ‘ਕਲਾ ਹੀ ਸ਼ਾਂਤੀ ਹੈ’। ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਇਸ ਸਾਲ ਦਾ ਇਹ ਸੰਦੇਸ਼ ਨਾਰਵੇ ਦੇ ਨਾਟਕਕਾਰ ਜੌਨ ਫੌਜ਼ ਵੱਲੋਂ ਲਿਖਿਆ ਗਿਆ ਹੈ ਜਿਸ ਨੂੰ ਕੇਵਲ ਧਾਲੀਵਾਲ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ।
‘ਕਲਾ ਸ਼ਾਂਤੀ ਹੈ’ ਨਾਮਕ ਇਸ ਸੰਦੇਸ਼ ਉਪਰੰਤ ‘ਲਿਥੁਏਨੀਆ’ ਨਾਟਕ ਦੀ ਪੇਸ਼ਕਾਰੀ ਹੋਈ। ਇਸ ਨਾਟਕ ਦਾ ਪੰਜਾਬੀ ਵਿੱਚ ਉਲੱਥਾ ਪ੍ਰੋ. ਅੱਛਰੂ ਸਿੰਘ ਵੱਲੋਂ ਕੀਤਾ ਗਿਆ ਹੈ। ਇਹ ਨਾਟਕ ਅਜਿਹੇ ਪਰਿਵਾਰ ਦੀ ਕਹਾਣੀ ’ਤੇ ਅਧਾਰਿਤ ਹੈ, ਜਿਸ ਨੇ ਪੈਸੇ ਦੇ ਲਾਲਚ ਵਿਚ ਪੈ ਕੇ ਆਪਣੇ ਹੀ ਵੀਹ ਸਾਲ ਪਹਿਲਾਂ ਗੁੰਮ ਹੋਏ ਪੁੱਤਰ ਨੂੰ, ਵਾਪਸ ਆਉਣ ਉੱਤੇ ਮਾਰ ਦਿੱਤਾ ਸੀ। ਪੈਸੇ ਕਾਰਨ ਹੋਏ ਇਕ ਪਵਿੱਤਰ ਰਿਸ਼ਤੇ ਦੇ ਹੋਏ ਘਾਣ ਦੀ ਇਹ ਦਾਸਤਾਨ ਇਸ ਨਾਟਕ ਦੇ ਕਥਾਨਕ ਰਾਹੀਂ ਬਾਖੂਬੀ ਪੇਸ਼ ਹੋਈ ਹੈ।
ਨਾਟਕ ਦੇ ਮੁੱਖ ਕਿਰਦਾਰ ਖੁਸ਼ੀ ਗੱਜਣ, ਕੋਮਲਪ੍ਰੀਤ ਕੌਰ, ਗਗਨਦੀਪ ਸਿੰਘ, ਦਲਵੀਰ ਸਿੰਘ , ਅਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਨਵਨੀਤ ਕੌਰ ਅਤੇ ਹਰਸਿਮਰਨ ਕੌਰ ਵੱਲੋਂ ਨਿਭਾਏ ਗਏ। ਨਾਟਕ ਦੀ ਲਾਈਟ ਡਿਜ਼ਾਇਨਿੰਗ ਰੁਪਿੰਦਰ ਕੋਰਪਾਲ ਨੇ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×