ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਨਹੀਂ ਹੋਈ ਪਛਾਣ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਸਤੰਬਰ
ਇਥੇ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਤਿੰਨ ਦਿਨਾਂ ਮਗਰੋਂ ਵੀ ਪਛਾਣ ਨਹੀਂ ਹੋਈ। ਹੁਣ ਪੁਲੀਸ ਨੇ ਉਸ ਦੀਆਂ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਉਸ ਬਾਰੇ ਕੁਝ ਪਤਾ ਹੋਵੇ ਤਾਂ ਜਾਣਕਾਰੀ ਸਾਂਝੀ ਕਰਨ।
ਏਐੱਸਆਈ ਅਸ਼ਵਨੀ ਕੁਮਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਹ ਐਤਵਾਰ ਵਾਲੇ ਦਿਨ ਵੀਆਈਪੀ ਡਿਊਟੀ ’ਤੇ ਹਰਿਮੰਦਰ ਸਾਹਿਬ ਪਲਾਜ਼ਾ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਹਰੀ ਟੀ-ਸ਼ਰਟ ਅਤੇ ਕਾਲੀ ਪੈਂਟ ਪਾਈ ਵਿਅਕਤੀ ਉਸ ਦੇ ਨੇੜੇ ਆਇਆ ਅਤੇ ਉਸ ਦੀ 9 ਐੱਮਐੱਮ ਦੀ ਸਰਵਿਸ ਪਿਸਤੌਲ ਖੋਹ ਲਈ ਤੇ ਉਹ ਸ਼ਨੀ ਮੰਦਰ ਵੱਲ ਭੱਜ ਗਿਆ। ਮਗਰੋਂ ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਨੌਜਵਾਨ ਦੇ ਸੱਜੇ ਗੁੱਟ ’ਤੇ ਪੱਟੀ ਬੰਨ੍ਹੀ ਹੋਣ ਤੋਂ ਪਤਾ ਲੱਗਿਆ ਕਿ ਉਸ ਨੇ ਪਹਿਲਾਂ ਵੀ ਆਤਮ ਹੱਤਿਆ ਦਾ ਯਤਨ ਕੀਤਾ ਸੀ। ਪੁਲੀਸ ਨੂੰ ਉਸ ਦੀਆਂ ਨਾੜੀਆਂ ’ਤੇ ਕੱਟ ਦੇ ਨਿਸ਼ਾਨ ਮਿਲੇ ਹਨ। ਏਐੱਸਆਈ ਦੇ ਬਿਆਨ ’ਤੇ ਉਸ ਖ਼ਿਲਾਫ਼ ਪਿਸਤੌਲ ਖੋਹਣ ਦਾ ਕੇਸ ਦਰਜ ਕੀਤਾ ਗਿਆ। ਥਾਣਾ ਕੋਤਵਾਲੀ ਦੇ ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੀਡੀਆ ਵਿੱਚ ਉਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ।