ਝੋਟੇ ’ਤੇ ਹਮਲਾ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਮਾਨਸਾ, 21 ਜਨਵਰੀ
ਇੱਕ ਨੌਜਵਾਨ ਨੂੰ ਨਸ਼ਾ ਕਰਦੇ ਫੜਨ ਤੋਂ ਬਾਅਦ ਉਸਦੀ ਇਤਲਾਹ ’ਤੇ ਨਸ਼ਾ ਵੇਚਣ ਵਾਲੇ ਵਿਅਕਤੀ ਨਾਲ ਝੜੱਪ ਹੋਣ ਅਤੇ ਐਂਟੀ-ਡਰੱਗ ਟਾਸਕ ਫੋਰਸ ਦੇ ਪਰਵਿੰਦਰ ਸਿੰਘ ਝੋਟਾ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਪਿੰਡ ਜਵਾਹਰਕੇ ਵਾਸੀ ਨੌਜਵਾਨ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਜਵਾਹਰਕੇ ਦੇ ਖੇਡ ਸਟੇਡੀਅਮ ਵਿੱਚ ਇੱਕ ਨੌਜਵਾਨ ਨੂੰ ਨਸ਼ਾ ਕਰਦੇ ਕਾਬੂ ਕੀਤਾ ਸੀ। ਜਦੋਂ ਉਸ ਨੂੰ ਦਬੋਚਣ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਅਤੇ ਟੀਮ ਨੇ ਉਸ ਤੋਂ ਨਸ਼ੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਜਵਾਹਰਕੇ ਵਾਸੀ ਇੱਕ ਵਿਅਕਤੀ ਦਾ ਨਾਂ ਲੈ ਕੇ ਦੱਸਿਆ ਕਿ ਉਹ ਉਸ ਪਾਸੋਂ ਨਸ਼ਾ ਲੈ ਕੇ ਆਉਂਦਾ ਹੈ। ਪਰਵਿੰਦਰ ਝੋਟਾ ਅਤੇ ਉਨ੍ਹਾਂ ਦੀ ਟੀਮ ਪੁੱਛਗਿੱਛ ਕਰਨ ਲਈ ਨੌਜਵਾਨ ਦੇ ਘਰ ਪਹੁੰਚੀ ਤਾਂ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਉਸਦੀ ਝੜੱਪ ਹੋ ਗਈ। ਕਾਫ਼ੀ ਖਿੱਚ-ਧੂਹ ਤੋਂ ਬਾਅਦ ਨੌਜਵਾਨ ਨੇ ਘਰ ਦੀ ਛੱਤ ’ਤੇ ਚੜ੍ਹਕੇ ਇੱਟਾਂ-ਰੋੜਿਆਂ ਨਾਲ ਹਮਲਾ ਬੋਲ ਦਿੱਤਾ, ਜਿਸ ਵਿੱਚ ਪਰਵਿੰਦਰ ਝੋਟਾ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।
ਥਾਣਾ ਸਿਟੀ-1 ਮਾਨਸਾ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਬਿਆਨ ’ਤੇ ਗੁਰਪ੍ਰੀਤ ਸਿੰਘ ਪੀਤੀ ਵਾਸੀ ਜਵਾਹਰਕੇ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।