ਮੋਬਾਈਲ ਦੇਣ ਤੋਂ ਮਨ੍ਹਾਂ ਕਰਨ ’ਤੇ ਨੌਜਵਾਨ ਦੀ ਕੁੱਟਮਾਰ
ਦੀਪਕ ਠਾਕੁਰ
ਤਲਵਾੜਾ, 26 ਅਗਸਤ
ਇੱਥੇ ਲੰਘੀ ਰਾਤ ਰਾਮ ਜਨਮ ਅਸ਼ਟਮੀ ਦਾ ਮੇਲਾ ਦੇਖਣ ਗਏ ਨੌਜਵਾਨ ਤੋਂ ਫੋਨ ਮੰਗਣ ’ਤੇ ਮਨ੍ਹਾਂ ਕਰਨ ’ਤੇ ਤੈਸ਼ ’ਚ ਆਏ ਛੇ ਵਿਅਕਤੀਆਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ, ਉਪਰੰਤ ਅਧਮਰਿਆ ਸਮਝ ਸ਼ਾਹ ਨਹਿਰ ਬੈਰਾਜ ਕੋਲ਼ ਸੁੱਟ ਗਏ। ਪੀੜਤ ਨੌਜਵਾਨ ਸਥਾਨਕ ਬੀਬੀਐੱਮਬੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ (19) ਪੁੱਤਰ ਮਲਕੀਤ ਸਿੰਘ ਵਾਸੀ ਟੈਰਸ ਰੋਡ ਤਲਵਾੜਾ ਵਜੋਂ ਹੋਈ ਹੈ।
ਸਥਾਨਕ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਪੀੜਤ ਨੇ ਦੱਸਿਆ ਕਿ ਉਹ ਬੀਤੀ ਰਾਤ ਬੀਬੀਐੱਮਬੀ ਕਲੋਨੀ ਦੇ ਸੈਕਟਰ - 2 ਵਿੱਚ ਸਥਿਤ ਜਨਮ ਅਸ਼ਟਮੀ ਦਾ ਮੇਲਾ ਦੇਖਣ ਗਿਆ ਸੀ, ਕਰੀਬ 11 ਵਜੇ ਜਦੋਂ ਵਾਪਸ ਘਰ ਪਰਤਣ ਲੱਗਾ ਤਾਂ ਉਸ ਕੋਲ਼ ਅੱਧੀ ਦਰਜਨ ਨੌਜਵਾਨ ਆਏ ਅਤੇ ਕਿਸੇ ਨੂੰ ਫੋਨ ਕਰਨ ਲਈ ਮੋਬਾਈਲ ਮੰਗਣ ਲੱਗੇ, ਮਨ੍ਹਾਂ ਕਰਨ ’ਤੇ ਉਹ ਉਸ ਨੂੰ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-2 ਦੇ ਨਜ਼ਦੀਕ ਲੈ ਆਏ, ਉਨ੍ਹਾਂ ਵਿੱਚੋਂ ਇੱਕ ਨੇ ਸਿਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ, ਉਹ ਬੇਹੋਸ਼ ਹੋ ਗਿਆ, ਅਤੇ ਹਮਲਾਵਰ ਉਸਨੂੰ ਮਰਿਆ ਸਮਝ ਸ਼ਾਹ ਨਹਿਰ ਬੈਰਾਜ ਕੋਲ਼ ਝਾੜੀਆਂ ’ਚ ਸੁੱਟ ਗਏ।
ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਡਰ ਦੇ ਮਾਰੇ ਘਰ ਆਉਣ ਦੀ ਬਜਾਏ ਸਰਹੱਦੀ ਪਿੰਡ ਸਥਾਣਾ (ਹਿ.ਪ੍ਰ) ਚਲਾ ਗਿਆ , ਜਿੱਥੇ ਉਸਨੇ ਆਪਣੇ ਰਿਸ਼ਤੇਦਾਰ ਦੇ ਫੋਨ ਤੋਂ ਘਰ ਫੋਨ ਕੀਤਾ ਅਤੇ ਆਪਣੀ ਵਿਥਿਆ ਸੁਣਾਈ। ਰਾਤ ਵਕਤ ਕਰੀਬ 2 ਵਜੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਬੀਬੀਐਮਬੀ ਹਸਪਤਾਲ ਤਲਵਾੜਾ ਦਾਖ਼ਲ ਕਰਵਾਇਆ। ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਹਮਲਾਵਰਾਂ ਵਿੱਚੋਂ ਉਹ ਤਿੰਨ ਵਿਸ਼ੂ, ਲਾਡੀ ਅਤੇ ਮਾਣਾ ਨੂੰ ਪਛਾਣਦਾ ਹੈ, ਜੋ ਬੀਬੀਐਮਬੀ ਕਲੋਨੀ ਦੇ ਬਾਸ਼ਿੰਦੇ ਹਨ।
ਉਧਰ ਤਲਵਾੜਾ ਪੁਲੀਸ ਦੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦਸਿਆ ਕਿ ਪੀੜ੍ਹਤ ਕ੍ਰਿਸ਼ਨ ਦੇ ਬਿਆਨਾਂ ’ਤੇ ਵਾਰਦਾਤ ‘ਚ ਸ਼ਾਮਲ ਮਾਣਾ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।
ਦੇਸੀ ਕੱਟੇ ਤੇ 3 ਰੌਂਦਾਂ ਸਮੇਤ ਕਾਬੂ
ਫਿਲੌਰ (ਪੱਤਰ ਪ੍ਰੇਰਕ): ਬਿਲਗਾ ਪੁਲੀਸ ਨੇ ਦੇਸੀ ਕੱਟੇ ਅਤੇ ਤਿੰਨ ਰੌਂਦਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਹਰਦੇਵਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਦਲਬਾਰਾ ਸਿੰਘ ਸਮੇਤ ਪੁਲੀਸ ਪਾਰਟੀ ਵਲੋਂ ਗਸ਼ਤ ਦੌਰਾਨ ਪਿੰਡ ਸੰਗੋਵਾਲ ਦੀ ਪੁਲੀ ਪਾਸ ਮੋਟਰਸਾਈਕਲ ਸਵਾਰ ਨੌਜਵਾਨ ਸੰਨੀ ਦਿਓਲ ਵਾਸੀ ਪਿੰਡ ਬੁਰਜ ਹਸਨ ਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਉਸਦੇ ਡੱਬ ’ਚੋਂ 1 ਦੇਸੀ ਕੱਟਾ 12 ਬੋਰ ਅਤੇ 3 ਰੌਂਦ 12 ਬੋਰ ਬਰਾਮਦ ਹੋਏ।