ਨੌਜਵਾਨ ਵਰਗ ਨੇ ਪੰਚਾਇਤੀ ਚੋਣਾਂਵਿੱਚ ਦਿਲਚਸਪੀ ਦਿਖਾਈ
ਪੱਤਰ ਪ੍ਰੇਰਕ
ਨਥਾਣਾ, 16 ਅਕਤੂਬਰ
ਬੀਤੇ ਕੱਲ੍ਹ ਹੋਈਆਂ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕੀਤੈ ਕਿ ਇਸ ਵਾਰ ਪੁਰਸ਼ ਅਤੇ ਮਹਿਲਾ ਵਰਗ ’ਚ ਨੌਜਵਾਨਾਂ ਨੇ ਵਧੇਰੇ ਜਿੱਤਾਂ ਹਾਸਲ ਕੀਤੀਆਂ ਹਨ। ਇੰਜ ਨੌਜਵਾਨ ਪੀੜ੍ਹੀ ਚੋਣਾਂ ’ਚ ਵਧੇਰੇ ਦਿਲਚਸਪੀ ਲੈਣ ਲੱਗੀ ਹੈ। ਪਿੰਡ ਪੂਹਲਾ ਦੀ ਨੌਜਵਾਨ ਧੀ ਸੁਮਨਪ੍ਰੀ਼ਤ ਕੌਰ ਸਿੱਧੂ ਨੇ ਆਪਣੇ ਵਿਰੋਧੀ ਸੁਲਕਸ਼ਨ ਸਿੰਘ ਤੋਂ 1949 ਵੋਟਾਂ ਵੱਧ ਲੈ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਸਰਪੰਚ ਦੇ ਅਹੁਦੇ ਲਈ ਸੁਮਨਪ੍ਰੀ਼ਤ ਕੌਰ ਸਿੱਧੂ ਦੀ ਪੰਜਾਬ ਪਰ ਵਿੱਚੋਂ ਇਹ ਸਭ ਤੋਂ ਵੱਧ ਲੀਡ ਹੈ। ਕੁੱਲ ਪੋਲ ਹੋਈਆਂ ਵੋਟਾਂ ਵਿੱਚੋਂ ਸੁਮਨਪ੍ਰੀਤ ਕੌਰ ਨੂੰ 2541 ਅਤੇ ਸੁਲਕਸ਼ਨ ਸਿੰਘ ਨੂੰ 592 ਵੋਟਾਂ ਮਿਲੀਆਂ। ਪਿੰਡ ਗੰਗਾ ਦੀ ਵੀਰਪਾਲ ਕੌਰ ਆਪਣੀ ਵਿਰੋਧੀ ਨਾਲੋਂ 2 ਵੋਟਾਂ ਅੱਗੇ ਰਹਿ ਕੇ ਸਰਪੰਚ ਚੁਣੀ ਗਈ। ਢੇਲਵਾਂ ਦੀ ਮਨਜੀਤ ਕੌਰ ਆਪਣੀ ਸਕੀ ਦਰਾਣੀ ਨੂੰ 80 ਵੋਟਾਂ ਦੇ ਫਰ਼ਕ ਨਾਲ ਹਰਾ ਕੇ ਸਰਪੰਚ ਬਣੀ। ਨਾਥਪੁਰਾ ਦੀ ਸੁਖਵੀਰ ਕੌਰ 241 ਅਤੇ ਪੂਹਲੀ ਦਾ ਹਰਮਨਦੀਪ ਸਿੰਘ 58 ਵੋਟਾਂ ਵੱਧ ਲੈ ਕੇ ਸਰਪੰਚ ਚੁਣੇ ਗਏ। ਪਿੰਡ ਗਿੱਦੜ ਦਾ ਜਗਦੀਪ ਸਿੰਘ ਅਤੇ ਕਲਿਆਣ ਮੱਲਕਾ ਦਾ ਦਰਸ਼ਨ ਸਿੰਘ ਸਰਪੰਚ ਬਣੇ।