ਜਾਰਡਨ ਦੀਆਂ ਜੇਲ੍ਹਾਂ ’ਚ ਨਰਕ ਭੋਗ ਕੇ ਸੱਤ ਸਾਲ ਮਗਰੋਂ ਸੁਲਤਾਨਪੁਰ ਲੋਧੀ ਪਰਤ ਸਕਿਆ ਨੌਜਵਾਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਮਾਰਚ
ਜਾਰਡਨ ਦੀਆਂ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਨੌਜਵਾਨ 7 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਵਾਪਿਸ ਪਰਤ ਆਇਆ ਹੈ। ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ 7 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਜਾਰਡਨ ਗਿਆ ਸੀ ਪਰ ਉੱਥੇ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ ਉਸ ਨੇ ਕਦੇ ਵੀ ਉਸ ਨੂੰ ਤਨਖਾਹ ਨਹੀਂ ਸੀ ਦਿੱਤੀ। ਹਲਾਂਕਿ ਕੰਪਨੀ ਵੱਲੋਂ ਉਸ ਨੂੰ 70 ਹਜ਼ਾਰ ਰੁਪਏ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉੱਥੇ ਜਾਂਦਿਆ ਹੀ ਇੱਕ ਤਰ੍ਹਾਂ ਨਾਲ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤੇ ਉਸ ਦਾ ਪਾਸਪੋਰਟ ਵੀ ਖੋਹ ਲੈ ਲਿਆ ਸੀ। ਹਰਪ੍ਰੀਤ ਨੇ ਦੱਸਿਆ ਉੱਥੇ ਉਸ ਨੇ ਕਈ ਵਾਰ ਮਦਦ ਮੰਗੀ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ। ਹਰਪ੍ਰੀਤ ਸਿੰਘ ਦੇ ਭਰਾ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਜਾਰਡਨ ਵਿੱਚ ਫਸੇ ਹਰਪ੍ਰੀਤ ਨੂੰ ਕਢਾਉਣ ਲਈ 15 ਜਨਵਰੀ 2024 ਨੂੰ ਬੇਨਤੀ ਕੀਤੀ ਸੀ। ਸੰਤ ਸੀਚੇਵਾਲ ਵੱਲੋਂ ਜਾਰਡਨ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਕੇ ਹਰਪ੍ਰੀਤ ਦੀ ਵਾਪਸੀ ਸੰਭਵ ਬਣਾਈ ਸੀ। ਹਰਪ੍ਰੀਤ ਸਿੰਘ ਵੱਲੋਂ ਵਾਪਿਸ ਪਹੁੰਚਦਿਆਂ ਹੀ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਪਹੁੰਚ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਾਰਡਨ ਵਿੱਚ ਜਿੱਥੇ ਉਹ ਰਹਿੰਦਾ ਸੀ, ਉਹ ਇਜ਼ਰਾਈਲ ਦੀ ਹੱਦ ਨਾਲ ਲੱਗਦਾ ਸੀ। ਫਲਸਤੀਨ ਤੇ ਇਜ਼ਰਾਇਲ ਵਿੱਚ ਛਿੜੀ ਜੰਗ ਦੌਰਾਨ ਉਹਨਾਂ ਨੂੰ ਵੀ ਡਰ ਲੱਗਾ ਰਹਿੰਦਾ ਸੀ ਉਹਨਾਂ ਤੇ ਵੀ ਕਿਧਰੇ ਬੰਬ ਨਾ ਡਿੱਗ ਪਏ। ਜਦੋਂ ਉਸਨੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਧਰ ਫੜਿਆ ਗਿਆ ਸੀ ਕਿਉਂਕਿ ਉਸ ਕੋਲੋਂ ਪਾਸਪੋਰਟ ਨਹੀਂ ਸੀ। ਉਸ ਨੇ ਦੱਸਿਆ ਕਿ ਪੁਲੀਸ ਵੱਲੋਂ ਉਸ ਨੂੰ ਬਦਲ ਬਦਲ ਕੇ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਜਿੱਥੇ ਉਸਨੂੰ ਇੱਕ ਟਾਇਮ ਦੀ ਰੋਟੀ ਵੀ ਨਹੀਂ ਸੀ ਦਿੱਤੀ ਜਾਂਦੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਲਤਾਨਪੁਰ ਲੋਧੀ ਦੇ ਹੀ ਰਹਿਣ ਵਾਲੇ ਪੰਜਾਬੀ ਨੌਜਵਾਨ ਭਰਤ ਜਾਰਡਨ ਤੋਂ ਵਾਪਿਸ ਘਰ ਆਇਆ ਸੀ। ਉਹ ਇੱਥੋਂ ਆਪਣੇ ਮਿੱਤਰ ਦੇ ਕਹਿਣ ’ਤੇ ਜਾਰਡਨ ਗਿਆ ਸੀ ਪਰ ਉੱਥੇ ਪਹੁੰਚਦਿਆਂ ਹੀ ਉਸਦਾ ਮਿੱਤਰ ਉਸ ਦੇ ਪਾਸਪੋਰਟ ’ਤੇ ਵਾਪਿਸ ਪੰਜਾਬ ਆ ਗਿਆ ਸੀ ਤੇ ਭਰਤ ਨੂੰ ਉੱਥੇ ਪੁਲੀਸ ਨੇ ਫੜ੍ਹ ਲਿਆ ਸੀ।