For the best experience, open
https://m.punjabitribuneonline.com
on your mobile browser.
Advertisement

ਮੌਰੀਸ਼ਸ ਦੇ ਨੌਜਵਾਨ ਭਾਰਤ ਨਾਲ ਜੁੜੇ ਰਹਿਣ: ਮੁਰਮੂ

07:15 AM Mar 13, 2024 IST
ਮੌਰੀਸ਼ਸ ਦੇ ਨੌਜਵਾਨ ਭਾਰਤ ਨਾਲ ਜੁੜੇ ਰਹਿਣ  ਮੁਰਮੂ
ਯੂਨੀਵਰਸਿਟੀ ਆਫ਼ ਮੌਰੀਸ਼ਸ ਵੱਲੋਂ ਰਾਸ਼ਟਰਪਤੀ ਮੁਰਮੂ ਦਾ ਡਾਕਟਰ ਆਫ਼ ਸਿਵਲ ਲਾਅ ਦੀ ਆਨਰੇਰੀ ਡਿਗਰੀ ਕੀਤਾ ਜਾ ਰਿਹਾ ਸਨਮਾਨ। -ਫੋਟੋ: ਏਐੱਨਆਈ
Advertisement

ਪੋਰਟ ਲੂਈ, 12 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਐਲਾਨ ਕੀਤਾ ਕਿ ਭਾਰਤ ਨੇ ਸਦਭਾਵਨਾ ਸੈਨਤ ਵਜੋਂ 7ਵੀਂ ਪੀੜ੍ਹੀ ਦੇ ਭਾਰਤੀ ਮੂਲ ਦੇ ਮੌਰੀਸ਼ਨਜ਼ ਨੂੰ ਓਵਰਸੀਜ਼ ਸਿਟੀਜ਼ਨਜ਼ ਆਫ਼ ਇੰਡੀਆ (ਓਸੀਆਈ) ਕਾਰਡ ਦੇ ਯੋਗ ਬਣਾਉਣ ਲਈ ਵਿਸ਼ੇਸ਼ ਵਿਵਸਥਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁਰਮੂ ਨੇ ਕਿਹਾ ਕਿ ਓਸੀਆਈ ਕਾਰਡ ਭਾਰਤੀ ਮੂਲ ਦੇ ਮੌਰੀਸ਼ਨਜ਼ ਨੂੰ ਆਪਣੇ ਪੁਰਖਿਆਂ ਦੀ ਧਰਤੀ ਨਾਲ ਮੁੜ ਜੋੜਨ ਦਾ ਇਕ ਜ਼ਰੀਆ ਹੈ। ਉਨ੍ਹਾਂ ਯੂਨੀਵਰਸਿਟੀ ਆਫ਼ ਮੌਰੀਸ਼ਸ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਗੌਰਵਮਈ ਅਤੀਤ ਨੂੰ ਪ੍ਰਫੁਲਿਤ ਕਰਨ ਤੇ ਆਪਣੇ ਸੁਨਹਿਰੀ ਭਵਿੱਖ ਵਿਚ ਨਿਵੇਸ਼ ਲਈ ਭਾਰਤ ਨਾਲ ਜੁੜੇ ਰਹਿਣ। ਉਨ੍ਹਾਂ ਇੱਛਾ ਜਤਾਈ ਕਿ ਦੋਵਾਂ ਮੁਲਕਾਂ ਦੇ ਨੌਜਵਾਨ ਇਸ ਵਿਸ਼ੇਸ਼ ਭਾਈਵਾਲੀ ਨੂੰ ਹੋਰ ਡੂੰਘਿਆਂ ਕਰਨਗੇ। ਯੂਨੀਵਰਸਿਟੀ ਆਫ਼ ਮੌਰੀਸ਼ਸ ਵੱਲੋਂ ਰਾਸ਼ਟਰਪਤੀ ਮੁਰਮੂ ਦਾ ਡਾਕਟਰ ਆਫ਼ ਸਿਵਲ ਲਾਅ ਦੀ ਆਨਰੇਰੀ ਡਿਗਰੀ ਨਾਲ ਸਨਮਾਨ ਕੀਤਾ ਗਿਆ।
ਮਗਰੋਂ ਮੌਰੀਸ਼ਨ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਵੱਲੋਂ ਦਿੱਤੀ ਸਰਕਾਰੀ ਦਾਅਵਤ ਦੌਰਾਨ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਮੁਰਮੂ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਪਵਿੱਤਰ ਗੰਗਾ ਤਲਾਓ ਕੰਪਲੈਕਸ ਨੂੰ ਧਾਰਮਿਕ, ਸਭਿਆਚਾਰਕ ਤੇ ਸੈਰ-ਸਪਾਟਾ ਹੱਬ ਵਜੋਂ ਮੁੜ ਵਿਕਸਤ ਕਰਨ ਵਿਚ ਮੌਰੀਸ਼ਸ ਸਰਕਾਰ ਦੀ ਹਮਾਇਤ ਕਰੇਗੀ। ਮੌਰੀਸ਼ਸ ਦੇ ਸਰਕਾਰੀ ਦੌਰੇ ’ਤੇ ਆਏ ਮੁਰਮੂ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਫੈਸਲਾ ਸਾਂਝੀਆਂ ਸਭਿਆਚਾਰਕ ਕਦਰਾਂ-ਕੀਮਤਾਂ ਵਿਚ ਸਾਡੇ ਡੂੰਘੇ ਸਤਿਕਾਰ ਨੂੰ ਦਰਸਾਉਂਦਾ ਹੈ। ਮੁਰਮੂ ਨੇ ਕਿਹਾ, ‘‘ਮੈਨੂੰ ਤੁਹਾਨੂੰ ਇਹ ਦਸਦਿਆਂ ਅਸੀਮ ਖ਼ੁਸ਼ੀ ਹੋ ਰਹੀ ਹੈ ਕਿ ਮੇਰੀ ਸਰਕਾਰ ਨੇ ਇਕ ਵਿਸ਼ੇਸ਼ ਵਿਵਸਥਾ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਤਹਿਤ ਸੱਤਵੀਂ ਪੀੜ੍ਹੀ ਦੇ ਭਾਰਤੀ ਮੂਲ ਦੇ ਮੌਰੀਸ਼ਨਜ਼ ਵੀ ਓਸੀਆਈ ਕਾਰਡ ਦੇ ਯੋਗ ਹੋਣਗੇ। ਇਸ ਨਾਲ ਭਾਰਤੀ ਮੂਲ ਦੇ ਕਈ ਨੌਜਵਾਨ ਮੌਰੀਸ਼ਨਜ਼ ਨੂੰ ਭਾਰਤ ਦੇ ਓਵਰਸੀਜ਼ ਨਾਗਰਿਕ ਬਣਨ ਵਿਚ ਮਦਦ ਮਿਲੇਗੀ ਤੇ ਉਹ ਆਪਣੇ ਪੁਰਖਿਆਂ ਦੀ ਧਰਤੀ ਨਾਲ ਮੁੜ ਜੁੜ ਸਕਣਗੇ।’’ ਭਾਰਤੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮੌਰੀਸ਼ਸ ਦੇ 56ਵੇਂ ਕੌਮੀ ਦਿਹਾੜੇ ਦੇ ਜਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਵੱਡੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੌਰੀਸ਼ਸ ਉਨ੍ਹਾਂ ਕੁਝ ਮੁਲਕਾਂ ਵਿਚੋਂ ਇਕ ਹੈ, ਜਿਸ ਦਾ ਉਨ੍ਹਾਂ ਰਾਸ਼ਟਰਪਤੀ ਬਣਨ ਮਗਰੋਂ ਦੌਰਾ ਕੀਤਾ ਹੈ। ਉਨ੍ਹਾਂ ਭਾਰਤ ਤੋਂ ਆਏ ਬਹਾਦਰ ਖੁਰਖਿਆਂ ਖਾਸ ਕਰਕੇ ‘ਗਿਰਮਿਤੀਆ’ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਇਸ ਦੇਸ਼ ਦਾ ਨਿਰਮਾਣ ਕੀਤਾ। ਗਿਰਮਿਤੀਆਂ ਨੂੰ ‘ਜਹਾਜੀਆਂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਹ ਉਹ ਮਜ਼ਦੂਰ ਜਮਾਤ ਹੈ, ਜਿਨ੍ਹਾਂ ਨੂੰ ਬ੍ਰਿਟਿਸ਼ ਇੰਡੀਆ ਨੇ ਖੇਤੀ ਲਈ ਫਿਜੀ, ਦੱਖਣੀ ਅਫਰੀਕਾ, ਈਸਟਰਨ ਅਫਰੀਕਾ (ਮੌਰੀਸ਼ਸ, ਸੈਸ਼ਲਜ਼, ਤਨਜ਼ਾਨੀਆ, ਕੀਨੀਆ ਤੇ ਯੁਗਾਂਡਾ), ਮਲੇਸ਼ੀਆ, ਸਿੰਗਾਪੁਰ ਤੇ ਕੈਰੇਬੀਅਨ ਮੁਲਕਾਂ ਵਿਚ ਭੇਜਿਆ। -ਪੀਟੀਆਈ

Advertisement

ਮੁਰਮੂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ

ਪੋਰਟ ਲੂਈ: ਮੌਰੀਸ਼ਸ ਦੇ ਤਿੰਨ ਦਿਨਾ ਸਰਕਾਰੀ ਦੌਰੇ ’ਤੇ ਆਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ’ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਇਥੇ ਮਹਾਤਮਾ ਗਾਂਧੀ ਇੰਸਟੀਚਿਊਟ ਜਾ ਕੇ ਸ਼ਰਧਾਂਜਲੀ ਦਿੱਤੀ। ਮੁਰਮੂ ਨੇ ਗਾਂਧੀ ਨੂੰ ‘ਸਰਬਵਿਆਪਕ ਆਦਰਸ਼’ ਵਜੋਂ ਯਾਦ ਕੀਤਾ। ਉਨ੍ਹਾਂ ਮੋਕਾ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਵਿਚ ਰੱਖੇ ਸਮਾਗਮ ਦੌਰਾਨ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਮੌਰੀਸ਼ਸ ਦੀਆਂ ਭਵਿੱਖੀ ਪੀੜ੍ਹੀਆਂ ਲਈ ਸਭਿਆਚਾਰਕ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×