ਮੰਡੀ ਕਲਾਂ ਦੇ ਨੌਜਵਾਨ ਸੂਬਾ ਪੱਧਰ ’ਤੇ ਦਿਖਾਉਣਗੇ ਖੇਡਾਂ ਦੇ ਜੌਹਰ
ਰਮਨਦੀਪ ਸਿੰਘ
ਚਾਉਕੇ, 29 ਸਤੰਬਰ
ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਦੇ ਉਲਟ ਪਿੰਡ ਮੰਡੀ ਕਲਾਂ ਦੇ ਕੁੱਝ ਉੱਦਮੀ ਨੌਜਵਾਨਾਂ ਨੇ ਪਿੰਡ ਵਿੱਚ ਖੇਡਾਂ ਦੀ ਚੇਟਕ ਲਾ ਦਿੱਤੀ ਹੈ ਜਿਸ ਦੀ ਬਦੌਲਤ ਪਿੰਡ ਦੇ 62 ਨੌਜਵਾਨਾਂ ਨੇ ਜ਼ਿਲ੍ਹੇ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਤੀਜਾ’ ਵਿੱਚ ਪਿੰਡ ਦੇ 100 ਦੇ ਕਰੀਬ ਨੌਜਵਾਨਾਂ ਨੇ ਜ਼ਿਲ੍ਹਾ ਪੱਧਰ ’ਤੇ ਭਾਗ ਲਿਆ ਤੇ 62 ਪੁਜ਼ੀਸ਼ਨਾਂ ਹਾਸਲ ਕੀਤੀਆਂ। ਹੁਣ ਇਹ ਨੌਜਵਾਨ ਪੰਜਾਬ ਪੱਧਰ ’ਤੇ ਖੇਡਣ ਲਈ ਜਾਣਗੇ। ਹਾਰਡ ਵਰਕ ਅਕੈਡਮੀ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਨੌਜਵਾਨਾਂ ਨੂੰ ਖੇਡਾਂ ਦੀ ਚੇਟਕ ਲਗਾਉਣ ਲਈ ਮੁਫ਼ਤ ਵਿੱਚ ਸਿਖਲਾਈ ਦੇ ਰਹੇ ਹਨ। ਉਨ੍ਹਾਂ ਦਾ ਮੁੱਖ ਮਕਸਦ ਪੇਂਡੂ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਮਾਜਿਕ ਬੁਰਾਈਆਂ ਤੋਂ ਪਾਸੇ ਕਰਨਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਮਿਹਨਤ ਕਰ ਕੇ ਅੰਡਰ- 17 ਸਾਲ (ਲੜਕੇ) ’ਚੋਂ ਰਣਦੀਪ ਸਿੰਘ ਨੇ 5000 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਕੀਤਾ ਜਦਕਿ ਸੋਇਲਵੀਰ ਸਿੰਘ ਨੇ ਹਾਈ ਜੰਪ ਤੇ ਲੌਂਗ ਜੰਪ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 41 ਤੋਂ 50 ਗੁਰਸੇਵਕ ਸਿੰਘ ਤਹਿਤ 100 ਮੀਟਰ ਵਿੱਚੋਂ 400 ਮੀਟਰ ਦੌੜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 51 ਤੋਂ 60 ਵਰਗ ਤਹਿਤ ਬਲਵੀਰ ਸਿੰਘ ਨੇ ਲੰਬੀ ਛਾਲ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਸਮੇਂ ਗੁਰਵਿੰਦਰ ਸਿੰਘ ਫ਼ੌਜੀ, ਕੋਚ ਬਲਜਿੰਦਰ ਖ਼ਾਨ, ਗੁਰਸੇਵਕ ਸਿੰਘ ਰੋਮਾਣਾ, ਬਲਵੀਰ ਸਿੰਘ ਸਰਾਂ, ਸੁਖਪਾਲ, ਗੋਰਾ ਸਿੰਘ, ਗੁਰਵਿੰਦਰ ਸਿੰਘ, ਗੱਗੀ ਤੇ ਪ੍ਰੋਫੈਸਰ ਜਗਤਾਰ ਸਿੰਘ ਹਾਜ਼ਰ ਸਨ।