ਫੀਲਡਗੰਜ ਦੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਨਵੰਬਰ
ਫੀਲਡਗੰਜ ਦੇ ਪ੍ਰੇਮ ਨਗਰ ਇਲਾਕੇ ’ਚ ਵੀਰਵਾਰ ਸਵੇਰੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਗਏ ਨੌਜਵਾਨ ਦੀ ਘਰ ਪਹੁੰਚਣ ’ਤੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ (28) ਵਾਸੀ ਪ੍ਰੇਮ ਨਗਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰਜ ਜਦੋਂ ਘਰ ਪਹੁੰਚਿਆ ਤਾਂ ਉਹ ਜ਼ਖ਼ਮੀ ਹਾਲਤ ਵਿੱਚ ਸੀ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੂਰਜ ਨੇ ਘਰ ਆ ਕੇ ਦੱਸਿਆ ਸੀ ਕਿ ਗੁਆਂਢੀ ਰਿਸ਼ਤੇਦਾਰਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ 2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸੂਰਜ ਦੀ ਭੈਣ ਨੇ ਦੱਸਿਆ ਕਿ ਗੁਆਂਢ ਵਿੱਚ ਉਸ ਦੀ ਮਾਸੀ ਦਾ ਪਰਿਵਾਰ ਰਹਿੰਦਾ ਹੈ ਤੇ ਮਾਸੀ ਦਾ ਲੜਕਾ ਨਸ਼ਾ ਵੇਚਣ ਦੇ ਨਾਲ-ਨਾਲ ਸ਼ਰਾਬ ਵੀ ਵੇਚਦਾ ਹੈ। ਉਸ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਮਾਸੀ ਦਾ ਲੜਕਾ ਸੂਰਜ ਨੂੰ ਸ਼ਰਾਬ ਵੇਚਣ ਲਈ ਦਬਾਅ ਪਾ ਰਿਹਾ ਸੀ ਤੇ ਸੂਰਜ ਉਸ ਨੂੰ ਲਗਾਤਾਰ ਇਸ ਕੰਮ ਲਈ ਇਨਕਾਰ ਕਰ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਅੱਜ ਵੀ ਸੂਰਜ ਰੋਜ਼ ਵਾਂਗ ਸਵੇਰੇ ਗੁਰਦੁਆਰੇ ਗਿਆ ਪਰ ਵਾਪਸੀ ਮੌਕੇ ਰਾਹ ਵਿੱਚ ਮਾਸੀ ਦੇ ਲੜਕੇ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਸ ਦੀ ਕੁੱਟਮਾਰ ਕੀਤੀ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਸੂਰਜ ਦੇ ਸਰੀਰ ’ਤੇ ਕਈ ਥਾਈਂ ਸੱਟਾਂ ਲੱਗੀਆਂ ਹੋਈਆਂ ਸਨ। ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਲੜਕਾ ਲਗਾਤਾਰ ਸੂਰਜ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਨੂੰ ਪ੍ਰੇਸ਼ਾਨ ਕਰਨ ਲਈ ਪੁਲੀਸ ਕੋਲੋਂ ਛਾਪਾਮਾਰੀ ਵੀ ਕਰਵਾਈ ਸੀ।
ਏਸੀਪੀ ਅਨਿਲ ਭਨੋਟ ਦਾ ਕਹਿਣਾ ਹੈ ਕਿ ਇਹ ਮਾਮਲਾ ਕਤਲ ਦਾ ਨਹੀਂ ਲੱਗ ਰਿਹਾ ਪਰ ਪਰਿਵਾਰ ਨੇ ਜੋ ਦੋਸ਼ ਲਗਾਏ ਹਨ, ਉਸ ’ਤੇ ਸਪੱਸ਼ਟੀਕਰਨ ਲਈ ਪੁਲੀਸ ਨੇ ਹਸਪਤਾਲ ਨੂੰ ਡਾਕਟਰਾਂ ਦੇ ਬੋਰਡ ਰਾਹੀਂ ਪੋਸਟਮਾਰਟਮ ਕਰਵਾਉਣ ਦੀ ਅਪੀਲ ਕੀਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।