For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਦਾ ਨੌਜਵਾਨ ਰੂਸ-ਯੂਕਰੇਨ ਜੰਗ ਦੀ ਭੇਟ ਚੜ੍ਹਿਆ

07:03 AM Jun 13, 2024 IST
ਅੰਮ੍ਰਿਤਸਰ ਦਾ ਨੌਜਵਾਨ ਰੂਸ ਯੂਕਰੇਨ ਜੰਗ ਦੀ ਭੇਟ ਚੜ੍ਹਿਆ
ਤੇਜਪਾਲ ਦੀ ਪੁਰਾਣੀ ਤਸਵੀਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੂਨ
ਰੂਸ ਵੱਲੋਂ ਯੂਕਰੇਨ ਨਾਲ ਚੱਲ ਰਹੀ ਜੰਗ ਵਿੱਚ ਭਾਰਤੀ ਨੌਜਵਾਨਾਂ ਨੂੰ ਜਬਰੀ ਧੱਕਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਇਸ ਜੰਗ ਦੌਰਾਨ ਮੌਤ ਹੋ ਗਈ ਹੈ। ਇਸ ਸੂਚਨਾ ਮਗਰੋਂ ਪਰਿਵਾਰ ਸਦਮੇ ਵਿੱਚ ਹੈ। ਉਹ ਪਰਿਵਾਰ ਦਾ ਇਕੱਲਾ ਪੁੱਤਰ ਸੀ ਜਿਸ ਦੇ ਮੋਢਿਆਂ ’ਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਸੀ। ਪੀੜਤ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ (30) ਵਾਸੀ ਪਾਲਮ ਵਿਹਾਰ ਰਿਹਾਇਸ਼ੀ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਦੀ ਮੌਤ ਲਗਪਗ ਤਿੰਨ ਮਹੀਨੇ ਪਹਿਲਾਂ 12 ਮਾਰਚ ਨੂੰ ਹੋ ਗਈ ਸੀ ਪਰ ਪਰਿਵਾਰ ਨੂੰ ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਮਿਲੀ ਹੈ। ਰੂਸੀ ਫੌਜ ਵੱਲੋਂ ਭਾਰਤੀ ਨੌਜਵਾਨਾਂ ਨੂੰ ਰੂਸ-ਯੂਕਰੇਨ ਜੰਗ ਵਿੱਚ ਭੇਜਣ ਦੇ ਕੁਝ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਰੂਸ-ਯੂਕਰੇਨ ਜੰਗ ਵਿੱਚ ਦੋ ਭਾਰਤੀਆਂ ਦੇ ਮਾਰੇ ਜਾਣ ਦਾ ਦੋ ਦਿਨ ਪਹਿਲਾਂ ਖੁਲਾਸਾ ਕੀਤਾ ਸੀ। ਹਾਲਾਂਕਿ, ਇਨ੍ਹਾਂ ਬਾਰੇ ਵੇਰਵਾ ਨਹੀਂ ਦਿੱਤਾ ਸੀ।
ਤੇਜਪਾਲ ਦੀ ਮੌਤ ਦੀ ਸੂਚਨਾ ਮਗਰੋਂ ਸੋਗ ਦਾ ਮਾਹੌਲ ਹੈ ਅਤੇ ਲੋਕ ਤੇ ਰਿਸ਼ਤੇਦਾਰ ਘਰ ਵਿੱਚ ਦੁੱਖ ਵੰਡਾਉਣ ਆ ਰਹੇ ਹਨ। ਤੇਜਪਾਲ ਦਾ ਪਿਤਾ ਪ੍ਰਿਤਪਾਲ ਸਿੰਘ ਦੁਕਾਨਦਾਰ ਹੈ, ਜਦੋਂਕਿ ਮਾਤਾ ਸਰਬਜੀਤ ਕੌਰ ਘਰੇਲੂ ਔਰਤ ਹੈ। ਤੇਜਪਾਲ ਦੇ ਛੋਟੇ ਭਰਾ ਦੀ 2019 ਵਿੱਚ ਮੌਤ ਹੋ ਚੁੱਕੀ ਹੈ। ਘਰ ਵਿੱਚ ਪਿੱਛੇ ਉਸ ਦੀ ਪਤਨੀ ਪਰਮਿੰਦਰ ਕੌਰ, ਪੁੱਤਰ (ਛੇ ਸਾਲ) ਅਤੇ ਧੀ (ਤਿੰਨ ਸਾਲ) ਹਨ। ਪਰਿਵਾਰ ਆਰਥਿਕ ਪੱਖੋਂ ਵੀ ਕਮਜ਼ੋਰ ਹੈ।
ਤੇਜਪਾਲ ਸਿੰਘ ਰੁਜ਼ਗਾਰ ਦੀ ਭਾਲ ਲਈ ਦਸੰਬਰ ਮਹੀਨੇ ਥਾਈਲੈਂਡ ਗਿਆ ਸੀ। ਉਥੋਂ ਅਗਾਂਹ ਯਾਤਰੂ ਵੀਜ਼ੇ ’ਤੇ ਰੂਸ ਦੀ ਰਾਜਧਾਨੀ ਮਾਸਕੋ ਚਲਾ ਗਿਆ। ਉਸ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਹੀ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਕੇ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਤੇਜਪਾਲ ਨੇ ਇੱਕ ਸਾਲ ਲਈ ਰੂਸੀ ਫੌਜ ਵਿੱਚ ਭਰਤੀ ਹੋਣ ਦਾ ਕੰਟਰੈਕਟ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਰੂਸ ਵਿੱਚ ਪੱਕੀ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤੇਜਪਾਲ ਨੂੰ ਸਿਖਲਾਈ ਮਗਰੋਂ ਜੰਗ ਵਿੱਚ ਭੇਜਿਆ ਗਿਆ ਜਿੱਥੇ 12 ਮਾਰਚ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਤੇਜਪਾਲ ਨਾਲ ਆਖਰੀ ਵਾਰ ਗੱਲਬਾਤ 3 ਮਾਰਚ ਨੂੰ ਹੋਈ ਸੀ। ਇਸ ਦੌਰਾਨ ਉਸਨੇ ਕਿਹਾ ਸੀ ਕਿ ਇੱਕ ਮਹੀਨੇ ਲਈ ਉਸ ਦਾ ਫੋਨ ਬੰਦ ਰਹੇਗਾ ਕਿਉਂਕਿ ਉਸ ਨੂੰ ਜੰਗ ਵਾਸਤੇ ਸਰਹੱਦ ’ਤੇ ਭੇਜਿਆ ਜਾ ਰਿਹਾ ਹੈ। ਜਦੋਂ ਦੋ ਮਹੀਨੇ ਫੋਨ ਨਹੀਂ ਆਇਆ ਤਾਂ ਪਰਮਿੰਦਰ ਕੌਰ ਨੂੰ ਚਿੰਤਾ ਖੜ੍ਹੀ ਹੋ ਗਈ। ਕੁਝ ਦਿਨ ਪਹਿਲਾਂ ਹੀ ਉਸ ਨੂੰ ਤੇਜਪਾਲ ਸਿੰਘ ਦੀ ਮੌਤ ਦਾ ਪਤਾ ਚੱਲਿਆ ਹੈ। ਤੇਜਪਾਲ ਦੇ ਪਰਿਵਾਰ ਵੱਲੋਂ ਮਾਸਕੋ ਵਿੱਚ ਭਾਰਤੀ ਦੂਤਘਰ ਨਾਲ ਸੰਪਰਕ ਕਰਕੇ ਉਸ ਦੀ ਮ੍ਰਿਤਕ ਦੇਹ ਵਾਪਸ ਭੇਜਣ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਲਾਸ਼ ਵਾਪਸ ਲਿਆਉਣ ਲਈ ਆਰਥਿਕ ਮਦਦ ਦੀ ਵੀ ਅਪੀਲ ਕੀਤੀ।

Advertisement

ਤੇਜਪਾਲ ਨੂੰ ਰੂਸ-ਯੂਕਰੇਨ ਜੰਗ ’ਚ ਭੇਜੇ ਜਾਣ ਸਬੰਧੀ ਕੋਈ ਸੂਚਨਾ ਨਹੀਂ: ਡੀਸੀ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਤੇਜਪਾਲ ਸਿੰਘ ਨਾਂ ਦਾ ਵਿਅਕਤੀ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਮਾਰਿਆ ਗਿਆ ਹੈ, ਨਾ ਹੀ ਅਜਿਹੀ ਕੋਈ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਹੁਣ ਤੱਕ ਭੇਜੀ ਗਈ ਹੈ।

ਰੂਸ-ਯੂਕਰੇਨ ਜੰਗ ’ਚ ਦੋ ਭਾਰਤੀ ਨਾਗਰਿਕਾਂ ਦੀ ਮੌਤ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਰੂਸੀ ਫੌਜ ਵੱਲੋਂ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਹਾਲ ਹੀ ਵਿੱਚ ਰੂਸ-ਯੂਕਰੇਨ ਜੰਗ ਵਿੱਚ ਮਾਰੇ ਗਏ ਹਨ। ਇਸ ਤਰ੍ਹਾਂ ਅਜਿਹੀਆਂ ਮੌਤਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਰੂਸ ਕੋਲ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਉਠਾਇਆ ਹੈ ਅਤੇ ਰੂਸੀ ਫੌਜ ਵਿੱਚ ਸ਼ਾਮਲ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਵਾਪਸੀ ਦੀ ਮੰਗ ਕੀਤੀ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਮੰਗ ਕੀਤੀ, ‘‘ਰੂਸੀ ਫੌਜ ਵੱਲੋਂ ਭਾਰਤੀ ਨਾਗਰਿਕਾਂ ਦੀ ਕਿਸੇ ਵੀ ਹੋਰ ਭਰਤੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ ਅਤੇ ਅਜਿਹੀਆਂ ਸਰਗਰਮੀਆਂ ਸਾਡੀ ਭਾਈਵਾਲੀ ਮੁਤਾਬਕ ਨਹੀਂ ਹੋਣਗੀਆਂ।’’ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਸਾਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਰੂਸੀ ਫੌਜ ਵੱਲੋਂ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਹਾਲ ਹੀ ਵਿੱਚ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਮਾਰੇ ਗਏ ਹਨ।’’ ਉਸ ਨੇ ਕਿਹਾ, ‘‘ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਪੂਰੀ ਹਮਦਰਦੀ ਪ੍ਰਗਟ ਕਰਦੇ ਹਾਂ। ਮਾਸਕੋ ਵਿੱਚ ਸਾਡੇ ਦੂਤਘਰ ਨੇ ਰੂਸੀ ਅਧਿਕਾਰੀਆਂ ’ਤੇ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਭੇਜਣ ਦਾ ਦਬਾਅ ਬਣਾਇਆ ਹੈ।’’ ਵਿਦੇਸ਼ ਮੰਤਰਾਲੇ ਨੇ ਮ੍ਰਿਤਕ ਭਾਰਤੀ ਨਾਗਰਿਕਾਂ ਬਾਰੇ ਵੇਰਵਾ ਨਹੀਂ ਦਿੱਤਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×