ਚੋਰਾਂ ਦਾ ਪਿੱਛਾ ਕਰਦੇ ਨੌਜਵਾਨ ਨੇ ਗਵਾਈ ਜਾਨ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਜੁਲਾਈ
ਸਿੱਧਵਾਂ ਬੇਟ ਇਲਾਕੇ ਵਿੱਚ ਕੱਲ੍ਹ ਤੜਕੇ ਸਵੇਰੇ ਚੋਰਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਘਟਨਾ ਨੇ ਇਲਾਕੇ ’ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਪੀੜਤ ਪਰਿਵਾਰ ਦੇ ਨੌਜਵਾਨ ਅੰਗਰੇਜ ਸਿੰਘ ਅਤੇ ਉਸ ਦੇ ਪਿਤਾ ਕਾਬਲ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਬੁਲੇਟ ਮੋਟਰਸਾਈਕਲ ਖੜ੍ਹਾ ਸੀ, ਜਿਸਦੀ ਚਾਬੀ ਵਿੱਚ ਹੀ ਸੀ। ਕੱਲ੍ਹ ਤੜਕੇ ਕਰੀਬ ਪੌਣੇ ਚਾਰ ਵਜੇ ਜਦੋਂ ਘਰ ਦੇ ਬਜ਼ੁਰਗ ਉੱਠੇ ਤਾਂ ਵਿਹੜੇ ’ਚ ਉਨ੍ਹਾਂ ਦੇਖਿਆ ਕਿ ਦੋ ਵਿਅਕਤੀ ਮੋਟਰਸਾਈਕਲ ਚੋਰੀ ਕਰ ਕੇ ਲੈ ਜਾ ਰਹੇ ਸਨ। ਇਸ ਦੌਰਾਨ ਅੰਗਰੇਜ਼ ਸਿੰਘ ਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਮੋਟਰਸਾਈਕਲ ’ਤੇ ਚੋਰਾਂ ਦੀ ਭਾਲ ਵਿੱਚ ਨਿਕਲ ਗਏ। ਬੁਲੇਟ ਦੀ ਆਵਾਜ਼ ਸੁਣ ਉਨ੍ਹਾਂ ਨੇ ਚੋਰਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਤੇ ਪਿੰਡ ਅੱਬੂਪੁਰਾ ’ਚ ਉਨ੍ਹਾਂ ਨੇ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਵੇਂ ਭਰਾ ਚੋਰਾਂ ਦਾ ਪਿੱਛਾ ਕਰਦੇ ਹੋਏ ਹੰਭੜਾ ਤੱਕ ਜਾ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਚੋਰਾਂ ਨੂੰ ਰੁਕਣ ਲਈ ਆਖਿਆ ਤਾਂ ਮੁਲਜ਼ਮਾਂ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਸੁਖਵਿੰਦਰ ਦੇ ਸਿਰ ’ਚ ਕਿਸੇ ਮਾਰੂ ਹਥਿਆਰ ਨਾਲ ਵਾਰ ਕੀਤਾ। ਇਸ ਮਗਰੋਂ ਦੋਵੇਂ ਭਰਾ ਮੋਟਰਸਾਈਕਲ ਦਾ ਸੰਤੁਲਨ ਵਿਗੜ ਕਾਰਨ ਡਿੱਗ ਗਏ। ਅੰਗਰੇਜ ਨੇ ਆਪਣੇ ਜ਼ਖ਼ਮੀ ਭਰਾ ਸੁਖਵਿੰਦਰ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਅੰਗਰੇਜ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦੇ ਵਾਪਰਨ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਲੋਕ ਮਨਾਂ ’ਚ ਇਸ ਗੱਲ ਨੂੰ ਲੈ ਕੇ ਡਾਹਢਾ ਰੋਸ ਪਾਇਆ ਜਾ ਰਿਹਾ ਹੈ ਕਿ ਚੋਰਾਂ, ਲੁਟੇਰਿਆਂ ਦੇ ਸਤਾਏ ਲੋਕ ਆਖਰ ਕਿਸ ਕੋਲ ਫਰਿਆਦ ਕਰਨ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਹੁਣ ਤਾਂ ਉਹ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਰਹੇ, ਪੁਲੀਸ ਸੁਣਦੀ ਨਹੀਂ ਤੇ ਚੋਰ ਲੁਟੇਰੇ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧ ’ਚ ਜਦੋਂ ਪੁਲੀਸ ਦੇ ਅਧਿਕਾਰੀਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।