ਨੌਜਵਾਨ ਨੇ ਭਾਖੜਾ ਵਿੱਚ ਮਾਰੀ ਛਾਲ, ਲਾਸ਼ ਬਰਾਮਦ
ਪੱਤਰ ਪ੍ਰੇਰਕ
ਡੱਬਵਾਲੀ, 18 ਅਗਸਤ
ਪਿੰਡ ਮੌਜਗੜ੍ਹ ਨੇੜੇ ਇੱਕ ਨੌਜਵਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸੀ ਕਰ ਲਈ। ਨੌਜਵਾਨ ਨੂੰ ਨਹਿਰ ‘ਚ ਛਾਲ ਮਾਰਦੇ ਦੇਖ ਕੇ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ-ਮਜਦੂਰਾਂ ਨੇ ਮੌਜਗੜ੍ਹ ਦੇ ਗੁਰਦੁਆਰੇ ਤੋਂ ਘਟਨਾ ਸਬੰਧੀ ਹੋਕਾ ਦਿਵਾ ਦਿੱਤਾ। ਇਸ ’ਤੇ ਕਾਫ਼ੀ ਗਿਣਤੀ ਪਿੰਡ ਵਾਸੀ ਭਾਖੜਾ ਨਹਿਰ ’ਤੇ ਪੁੱਜ ਗਏ। ਨਹਿਰ ਦੀ ਪਟੜੀ ’ਤੇ ਪਈਆਂ ਚੱਪਲਾਂ ਅਤੇ ਮੋਬਾਈਲ ਤੋਂ ਨੌਜਵਾਨ ਦੀ ਪਛਾਣ 22 ਸਾਲਾ ਜੈਵੀਰ ਵਾਸੀ ਮਟਦਾਦੂ ਵਜੋਂ ਹੋਈ। ਜਾਣਕਾਰੀ ਅਨੁਸਾਰ ਮ੍ਰਿਤਕ ਜੈਵੀਰ ਦੇ ਪਿਤਾ ਨੇ ਵੀ ਤਿੰਨ ਸਾਲ ਪਹਿਲਾਂ ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜੈਵੀਰ ਹੁਰੇ ਦੋ ਭਰਾ ਹਨ, ਛੋਟਾ ਜੈਵੀਰ ਅਜੇ ਤੱਕ ਕੁਆਰਾ ਸੀ। ਦੋਵੇਂ ਪਿੰਡਾਂ ਦੇ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਆਪੋ-ਆਪਣੇ ਪੱਧਰ ’ਤੇ ਜੈਵੀਰ ਨੂੰ ਨਹਿਰ ਵਿੱਚੋਂ ਭਾਲਣ ਦੇ ਯਤਨ ਕੀਤੇ ਗਏ। ਨਹਿਰ ’ਚ ਪਾਣੀ ਦਾ ਤੇਜ ਵਹਾਅ ਹੋਣ ਕਰਕੇ ਕਾਫ਼ੀ ਮੁਸ਼ਕਿਲ ਦਰਪੇਸ਼ ਆਈ। ਸ਼ਾਮ ਸਮੇਂ ਜੈਵੀਰ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ। ਸਦਰ ਪੁਲੀਸ ਨੇ ਮ੍ਰਿਤਕ ਦੇ ਭਰਾ ਰਵਿੰਦਰ ਕੁਮਾਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।