ਨੌਜਵਾਨ ਦੀ ਮੌਤ ਨਸ਼ੇ ਦੀ ਟੀਕੇ ਨਾਲ ਨਹੀਂ ਹੋਈ: ਡੀਐੱਸਪੀ
ਪੱਤਰ ਪ੍ਰੇਰਕ
ਮਾਛੀਵਾੜਾ, 14 ਅਕਤੂਬਰ
ਬੀਤੀ 13 ਅਕਤੂਬਰ ਨੂੰ ਪਿੰਡ ਮੰਡ ਜੋਧਵਾਲ ਵਿੱਚ ਸ਼ੱਕੀ ਹਾਲਤ ਵਿੱਚ ਹੋਈ ਨੌਜਵਾਨ ਦੀ ਮੌਤ ’ਤੇ ਅੱਜ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਨੌਜਵਾਨ ਗੁਰਸੇਵਕ ਸਿੰਘ ਦੀ ਮੌਤ ਨਸ਼ੇ ਦੇ ਟੀਕੇ ਕਾਰਨ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀਆਂ ਬਾਹਾਂ ਦੀ ਜਾਂਚ ਕੀਤੀ ਗਈ ਹੈ ਤੇ ਕਿਤੇ ਵੀ ਸਰਿੰਜ ਦੇ ਨਿਸ਼ਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਆਪਣੇ ਦਾਦੇ ਕੋਲ ਰਹਿੰਦਾ ਸੀ। ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਲੜਕਾ ਨਸ਼ੇ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕੁਝ ਆਪਸ ਵਿੱਚ ਘਰੇਲੂ ਕਲੇਸ਼ ਹੈ ਅਤੇ ਉਸਦੇ ਦਾਦਾ ਨੇ ਉਸਦੇ ਪੋਤੇ ਦੀ ਜੋ ਨਸ਼ੇ ਕਾਰਨ ਮੌਤ ਦੱਸੀ ਹੈ, ਉਸ ਦਾ ਸੱਚ ਸਾਹਮਣੇ ਲਿਆਉਣ ਲਈ ਭਲਕੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਫਿਰ ਰਿਪੋਰਟ ਤੋਂ ਪਤਾ ਲੱਗੇਗਾ ਕਿ ਨੌਜਵਾਨ ਗੁਰਸੇਵਕ ਸਿੰਘ ਦੀ ਮੌਤ ਦੇ ਅਸਲ ਕਾਰਨ ਕੀ ਹਨ। ਡੀਐੱਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਨਸ਼ਿਆਂ ਕਾਰਨ ਮੌਤ ਹੋਈ ਹੈ ਇਹ ਸਾਹਮਣੇ ਨਹੀਂ ਆ ਰਿਹਾ।