ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਪਠਾਨਕੋਟ, 4 ਅਗਸਤ
ਇੱਥੇ ਲਮੀਨੀ ਸਥਿਤ ਵਿਸ਼ਵਕਰਮਾ ਨਗਰ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸਾਹਿਲ ਸਭਰਵਾਲ (29) ਵਾਸੀ ਲਮੀਨੀ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕ੍ਰਿਸ਼ਨਾ ਸਭਰਵਾਲ ਨੇ ਦੱਸਿਆ ਕਿ ਉਸ ਦੀ ਮਾਂ ਆਸ਼ਾ ਰਾਣੀ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਭਰਾ ਅਤੇ ਪਿਤਾ ਦੋਨੋਂ ਲਮੀਨੀ ਵਿੱਚ ਰਹਿੰਦੇ ਸਨ ਜਦਕਿ ਉਹ ਖੁਦ ਵੱਖਰੇ ਮਕਾਨ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪਿਤਾ ਯਸ਼ਪਾਲ ਉਸ ਦੇ ਘਰ ਆਇਆ ਸੀ ਅਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਵੀ ਫੋਨ ਕੀਤਾ ਕਿ ਉਹ ਘਰ ਆ ਜਾਵੇ, ਪਰ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦਾ ਭਰਾ ਸਾਹਿਲ ਮਾਂ ਦੀ ਮੌਤ ਦੇ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਦਾ ਮਾਂ ਨਾਲ ਬਹੁਤ ਪਿਆਰ ਸੀ। ਉਸ ਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਕਿ ਉਸ ਦਾ ਭਰਾ ਸਾਹਿਲ ਸਭਰਵਾਲ ਦੀ ਲਾਸ਼ ਰੋਸ਼ਨਦਾਨ ਦੀ ਗਰਿੱਲ ਨਾਲ ਲਟਕ ਰਹੀ ਹੈ। ਉਹ ਘਰ ਪੁੱਜੇ ਤਾਂ ਦੇਖਿਆ ਕਿ ਦਰਵਾਜ਼ਾ ਬੰਦ ਸੀ ਅਤੇ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜਾ ਤੋੜ ਕੇ ਸਾਹਿਲ ਨੂੰ ਹੇਠਾਂ ਲਾਹਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸਾਹਿਲ ਨੇ ਦੋ ਦਿਨ ਪਹਿਲਾਂ ਹੀ ਆਪਣੀ ਮਾਂ ਦਾ ਟੈਟੂ ਆਪਣੀ ਬਾਂਹ ’ਤੇ ਬਣਵਾਇਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਨ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।