ਨੌਜਵਾਨਾਂ ਵੱਲੋਂ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਸੁਭਾਸ਼ ਚੰਦਰ
ਸਮਾਣਾ, 27 ਜੁਲਾਈ
ਨਗਰ ਕੌਂਸਲ ਚੌਕ ਵਿੱਚ ਬੀਤੇ ਦਿਨ ਅੱਧੀ ਦਰਜਨ ਨੌਜਵਾਨਾਂ ਨੇ ਗੰਡਾਸਿਆਂ-ਕਿਰਪਾਨਾਂ ਨਾਲ ਦੁਕਾਨਦਾਰ ’ਤੇ ਹਮਲਾ ਕਰ ਕੇ ਦੁਕਾਨ ਦੇ ਸ਼ੀਸ਼ੇ ਵਗੈਰਾ ਭੰਨ ਦਿੱਤੇ। ਸ਼ੀਸ਼ਿਆਂ ਦਾ ਕੱਚ ਗਾਹਕਾਂ ਤੇ ਦੁਕਾਨਦਾਰ ਦੇ ਲੱਗਣ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਦਿਲਬਰ ਸਿੰਘ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਹੈ। ਉਸ ਨੇ ਦੋਸ਼ ਲਾਇਆ ਕਰਨ ਸਿੰਘ ਵਗੈਰਾ ਉਸ ਨੂੰ ਤੰਗ ਪ੍ਰੇਸ਼ਾਨ ਕਰ ਕੇ ਜਬਰੀ ਨਸ਼ੇ ਦਾ ਸੇਵਨ ਕਰਵਾਉਂਦੇ ਸਨ ਜਿਸ ਸਬੰਧੀ ਉਨ੍ਹਾਂ ਸਦਰ ਥਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਮਗਰੋਂ ਉਕਤ ਲੜਕੇ ਦੇ ਵਾਰਿਸਾਂ ਨੇ ਬੱਚਿਆਂ ਨੂੰ ਸਮਝਾਉਣ ਦਾ ਸਮਾਂ ਲਿਆ ਸੀ ਪਰ ਕਰਨ ਸਿੰਘ ਵਗੈਰਾ ਨੇ ਕਥਿਤ ਤੌਰ ’ਤੇ ਉਸੇ ਸ਼ਾਮ ਆਪਣੇ ਸਾਥੀਆਂ ਨਾਲ ਦੁਕਾਨ ’ਤੇ ਹਮਲਾ ਕਰ ਦਿੱਤਾ।
ਜਾਂਚ ਅਧਿਕਾਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਜੋ ਵੀ ਦੋਸ਼ੀ ਮਿਲਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਦੀਆਂ ਟੀਮਾਂ ਥਾਂ-ਥਾਂ ਛਾਪੇ ਮਾਰ ਰਹੀਆਂ ਹਨ।