ਮੁਟਿਆਰਾਂ ਨੇ ਪੰਜਾਬੀ ਬੋਲੀਆਂ ਪਾ ਕੇ ਸੱਭਿਆਚਾਰਕ ਰੰਗ ਬੰਨ੍ਹਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਗਸਤ
ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ‘ਰੌਣਕ ਧੀਆਂ ਦੀ’ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਗਿਆ। ਸਾਉਣ ਮਹੀਨੇ ਨਾਲ ਸਬੰਧਤ ਪੰਜਾਬੀ ਬੋਲੀਆਂ ਨੇ ਕਾਲਜ ਕੈਂਪਸ ਨੂੰ ਸੱਭਿਆਚਾਰਕ ਰੰਗ ਵਿੱਚ ਰੰਗੀ ਰੱਖਿਆ। ਇਸ ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ। ਨਗਰ ਨਿਗਮ ਦੀ ਕਮਿਸ਼ਨਰ ਡਾ. ਸ਼ਿਨਾ ਅਗਰਵਾਲ ਨੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਇੰਚਾਰਜ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰਜੀਤ ਕੌਰ ਨੇ ਮੁੱਖ ਮਹਿਮਾਨ, ਕਾਲਜ ਪ੍ਰਬੰਧਕ ਕਮੇਟੀ ਮੈਂਬਰਾਂ, ਕਾਲਜ ਪ੍ਰਿੰਸੀਪਲ, ਡਾਇਰੈਕਟਰ ਅਤੇ ਸਮੂਹ ਸਟਾਫ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਵਿਦਿਆਰਥਣਾਂ ਨੂੰ ਆਪਣੇ ਵਡਮੁੱਲੇ ਵਿਰਸੇ ਬਾਰੇ ਜਾਗਰੂਕ ਕਰਨਾ ਸੀ। ਇਸ ਮੇਲੇ ਵਿੱਚ ਪੰਜਾਬੀ ਬੋਲੀਆਂ, ਗੀਤਾਂ ਤੋਂ ਇਲਾਵਾਂ ਪੀਂਘਾਂ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਚਰਖਾ, ਕਸੀਦਾ ਕੱਢਦੀਆਂ ਮੁਟਿਆਰਾਂ ਆਦਿ ਨੇ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ। ਕਾਲਜ ਵਿਦਿਆਰਥਣਾਂ ਨੇ ਲੰਮੀ ਹੇਕ ਵਾਲੇ ਗੀਤ ਗਾ ਕੇ ਅਤੇ ਪੰਜਾਬੀ ਵਿਰਾਸਤੀ ਖੇਡਾਂ ਖੇਡ ਕੇ ਪੁਰਾਤਨ ਵਿਰਸੇ ਨੂੰ ਬਰਕਰਾਰ ਰੱਖਿਆ। ਇਸ ਤੋਂ ਇਲਾਵਾ ਸੋਲੋ ਡਾਂਸ, ਗਰੁੱਪ ਡਾਂਸ, ਗੀਤ, ਗਿੱਧਾ, ਭੰਗੜਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆਵਾਜ਼ ਪੰਜਾਬ ਦੀ ਗੁਰਕੀਰਤ ਰਾਏ ਨੇ ਆਪਣੇ ਗੀਤਾਂ ਨਾਲ ਚੰਗੀ ਰੌਣਕ ਲਾਈ। ਪੰਜਾਬੀ ਗਾਇਕ ਰਵਿੰਦਰ ਰੰਗੂਵਾਲ ਨੇ ਵੀ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਅਖੀਰ ਵਿੱਚ ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਆਏ ਮਹਿਮਾਨਾਂ, ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।