ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਧਰਨਾ ਲਾਇਆ
ਸ਼ਗਨ ਕਟਾਰੀਆ
ਜੈਤੋ, 14 ਨਵੰਬਰ
ਸੜਕ ਹਾਦਸੇ ’ਚ ਮਾਰੇ ਗਏ ਪਿੰਡ ਰੋੜੀਕਪੂਰਾ ਦੇ ਇੱਕ ਨੌਜਵਾਨ ਦੇ ਮਾਮਲੇ ’ਚ ਇਨਸਾਫ਼ ਲੈਣ ਲਈ ਪਿੰਡ ਵਾਸੀਆਂ ਨੇ ਅੱਜ ਇੱਥੇ ਬੱਸ ਸਟੈਂਡ ਚੌਕ ’ਚ ਲਾਸ਼ ਰੱਖ ਕੇ ਧਰਨਾ ਲਾਇਆ। ਧਰਨੇ ਕਾਰਨ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੇ ਮੁਕਾਮ ਲਈ ਅੱਗੇ ਵਧਣਾ ਪਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲੀਸ ’ਤੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਢਿੱਲਮੱਠ ਵਾਲੀ ਕਾਰਵਾਈ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ ਅਤੇ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਮਰਹੂਮ ਲੜਕਾ ਗੁਰਵਿੰਦਰ ਸਿੰਘ (18) ਨਾਲ ਲੰਘੀ 8 ਨਵੰਬਰ ਨੂੰ ਜੈਤੋ-ਮੁਕਤਸਰ ਰੋਡ ’ਤੇ ਪਿੰਡ ਡੇਲਿਆਂ ਵਾਲੀ ਨੇੜੇ ‘ਪ੍ਰਿੰਸ ਕਿਸਾਨ ਸੇਵਾ ਕੇਂਦਰ’ ਨਾਮੀ ਪੈਟਰੋਲ ਪੰਪ ਸਾਹਮਣੇ ਸੜਕ ਹਾਦਸਾ ਹੋਇਆ ਸੀ। ਹਾਦਸੇ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਜਦੋਂ ਡੀਐਸਪੀ ਜੈਤੋ ਸੁਖਦੀਪ ਸਿੰਘ ਅਤੇ ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਾਦਸੇ ਲਈ ਇੱਕ ਟਰੈਕਟਰ-ਟਰਾਲੀ ਜ਼ਿੰਮੇਵਾਰ ਹਨ, ਜਿਸ ਨੂੰ ਪਿੰਡ ਖੱਚੜਾਂ ਦਾ ਕੋਈ ਵਿਅਕਤੀ ਚਲਾ ਰਿਹਾ ਸੀ। ਪੁਲੀਸ ਅਧਿਕਾਰੀਆਂ ਨੇ ਦੁਰਘਟਨਾ ਦੇ ਜ਼ਿੰਮੇਵਾਰ ਮੁਲਜ਼ਮ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿਵਾ ਕੇ, ਧਰਨਾਕਾਰੀਆਂ ਨੂੰ ਧਰਨਾ ਚੁੱਕਣ ਦੀ ਬੇਨਤੀ ਕੀਤੀ ਗਈ ਪਰ ਉਨ੍ਹਾਂ ਨਿਆਂ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹਿ ਕੇ ਪੇਸ਼ਕਸ਼ ਠੁਕਰਾ ਦਿੱਤੀ। ਸ਼ਾਮ ਨੂੰ ਖ਼ਬਰ ਲਿਖ਼ੇ ਜਾਣ ਤੱਕ ਧਰਨਾ ਜਾਰੀ ਸੀ।