ਉਲਾਂਭਾ ਦੇਣ ਗਏ ਨੌਜਵਾਨ ’ਤੇ ਤਸ਼ੱਦਦ ਢਾਹਿਆ
ਗੁਰਬਖ਼ਸ਼ਪੁਰੀ
ਤਰਨ ਤਾਰਨ, 21 ਸਤੰਬਰ
ਇਲਾਕੇ ਦੇ ਪਿੰਡ ਲੌਹੁਕਾ ਦੇ ਪਰਿਵਾਰ ਦੇ ਪੰਜ ਜੀਆਂ ਨੇ ਨੌਜਵਾਨ ਦੀ ਇੰਨੀ ਕੁੱਟਮਾਰ ਕੀਤੀ ਕਿ ਇਲਾਜ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਤਸ਼ੱਦਦ ਦਾ ਸ਼ਿਕਾਰ ਰਣਜੀਤ ਸਿੰਘ (33) ਅੱਜ ਬਿਸਤਰੇ ਜੋਗਾ ਰਹਿ ਗਿਆ ਹੈ। ਇਹ ਘਟਨਾ 28 ਅਗਸਤ ਦੀ ਹੈ। ਇਸ ਸਬੰਧੀ ਪੱਟੀ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਉਸੇ ਪਿੰਡ ਦੇ ਮਲਕੀਤ ਸਿੰਘ ਲਾਡੀ, ਉਸ ਦੇ ਭਰਾ ਕੁਲਦੀਪ ਸਿੰਘ ਤੇ ਜਗਦੀਪ ਸਿੰਘ ਗੁੱਖੀ ਤੋਂ ਇਲਾਵਾ ਮਲਕੀਤ ਸਿੰਘ ਦੇ ਦੋ ਲੜਕਿਆਂ ਜੋਬਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ|
ਪੀੜਤ ਰਣਜੀਤ ਸਿੰਘ ਨੇ ਪਿੰਡ ਦੇ ਧਾਰਮਿਕ ਸਥਾਨ ਬਾਬਾ ਮੱਖਣੀ ਰਾਮ ਦੀ ਜਗ੍ਹਾ ’ਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਲਈ ਪੌਦੇ ਲਗਾਏ ਹੋਏ ਸਨ, ਜਿਨ੍ਹਾਂ ਨੂੰ ਮੁਲਜ਼ਮਾਂ ਦੇ ਪਸ਼ੂ ਖਾ ਗਏ| ਇਸ ’ਤੇ ਉਸ ਨੇ ਆਪਣੇ ਚਾਚਾ ਬਲਵੰਤ ਸਿੰਘ ਨੂੰ ਨਾਲ ਲੈ ਕੇ ਮੁਲਜ਼ਮਾਂ ਦੇ ਘਰ ਜਾ ਕੇ ਉਲਾਂਭਾ ਦਿੱਤਾ| ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਰਣਜੀਤ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ| ਇਸ ਦੌਰਾਨ ਉਸ ਦਾ ਚਾਚਾ ਮੌਕੇ ਤੋਂ ਚਲਾ ਗਿਆ। ਮੁਲਜ਼ਮ ਘੰਟਿਆਂ ਤੱਕ ਰਣਜੀਤ ਸਿੰਘ ’ਤੇ ਤਸ਼ੱਦਦ ਕਰਦੇ ਰਹੇ ਅਤੇ ਉਸ ਨੂੰ ਅਧਮੋਇਆ ਕਰਕੇ ਦੇਰ ਸ਼ਾਮ ਪੱਟੀ ਸ਼ਹਿਰ ਦੀ ਲਾਹੌਰ ਰੋਡ ਦੇ ਰੇਲਵੇ ਫਾਟਕ ’ਤੇ ਸੁੱਟ ਗਏ| ਪਰਿਵਾਰ ਨੇ ਗੰਭੀਰ ਹਾਲਤ ’ਚ ਉਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਾਇਆ, ਜਿੱਥੋ ਪਰਿਵਾਰ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਲੈ ਗਿਆ| ਰਣਜੀਤ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਦੱਸਿਆ ਕਿ ਬੇਜ਼ਮੀਨੇ ਕਿਸਾਨ ਹੋਣ ਕਰਕੇ ਉਸ ਦਾ ਪਤੀ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਟਰੱਕ ਡਰਾਈਵਰ ਸੀ, ਜਿਹੜਾ ਲੱਤਾਂ ਕੱਟ ਦੇਣ ਨਾਲ ਕੰਮ ਕਰਨ ਤੋਂ ਆਤਰ ਹੋ ਕੇ ਰਹਿ ਗਿਆ ਹੈ| ਪੱਟੀ ਸਿਟੀ ਦੀ ਪੁਲੀਸ ਨੇ ਕੱਲ੍ਹ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਏਐੱਸਆਈ ਪਰਮਜੀਤ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਰਣਜੀਤ ਸਿੰਘ ਜ਼ਖਮੀ ਹਾਲਤ ਵਿੱਚ ਰੇਲ ਦੀ ਪੱਟੜੀ ਤੋਂ ਮਿਲਿਆ ਹੈ ਅਤੇ ਉਸ ਨੇ ਮਾਮਲੇ ਦੀ ਜਾਂਚ ਉਪਰੰਤ ਹੀ ਕੇਸ ਦਰਜ ਕੀਤਾ ਹੈ|