ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਖਾਂ ਰੁਪਏ ਲਾ ਕੇ ਕੈਨੇਡਾ ਗਿਆ ਨੌਜਵਾਨ ਖ਼ਾਲੀ ਹੱਥ ਪਰਤਿਆ

11:10 AM Feb 12, 2024 IST
ਆਈਲੈਟਸ ਸੈਂਟਰ ਅੱਗੇ ਧਰਨਾ ਦੇ ਰਹੇ ਕਿਸਾਨ ਯੂਨੀਅਨ ਦੇ ਆਗੂ ਤੇ ਕਾਰਕੁਨ।

ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 11 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਅਹਿਮਦਗੜ੍ਹ ਇਕਾਈ ਨੇ ਸਵਰਨਜੀਤ ਸਿੰਘ ਦੁਲਮਾ ਦੀ ਅਗਵਾਈ ਹੇਠ ਇੱਥੇ ਸਟੇਡੀਅਮ ਰੋਡ ਸਥਿਤ ‘ਦਿ ਟਰੈਕਟਰਜ਼ ਸਟੱਡੀ ਵੀਜ਼ਾ’ ਆਈਲੈਟਸ ਸੈਂਟਰ ਅੱਗੇ ਸੰਕੇਤਕ ਧਰਨਾ ਦਿੱਤਾ। ਕਿਸਾਨ ਆਗੂ ਨੇ ਦੱਸਿਆ ਕਿ ਸੈਂਟਰ ਪਿੰਡ ਖੁਰਦ ਦੇ ਜਸ਼ਨਜੋਤ ਸਿੰਘ ਨੂੰ ਸੈਂਟਰ ਨੇ ਲੱਖਾਂ ਰੁਪਏ ਲੈ ਕੇ ਵਰਕ ਪਰਮਿਟ ’ਤੇ ਕੈਨੇਡਾ ਭੇਜਿਆ ਸੀ ਪਰ ਉਹ ਕਰੀਬ ਮਹੀਨੇ ਬਾਅਦ ਹੀ ਵਾਪਸ ਆ ਗਿਆ।
ਜਸ਼ਨਜੋਤ ਸਿੰਘ ਦੇ ਪਿਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਸੈਂਟਰ ਨੇ ਉਸ ਦੇ ਪੁੱਤਰ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਲਈ ਕਥਿਤ ਤੌਰ ’ਤੇ ਕਰੀਬ ਸਾਢੇ 27 ਲੱਖ ਰੁਪਏ ਲਏ ਸਨ। ਜਦ ਉਸ ਦਾ ਪੁੱਤਰ ਕੈਨੇਡਾ ਗਿਆ ਤਾਂ ਉੱਥੇ ਉਹ ਕੰਪਨੀ ਹੀ ਮੌਜੂਦ ਨਹੀਂ ਸੀ, ਜਿਸ ਦਾ ਜਸ਼ਨਜੀਤ ਸਿੰਘ ਨੂੰ ਵਰਕ ਪਰਮਿਟ ਦੇ ਕੇ ਭੇਜਿਆ ਗਿਆ ਸੀ। ਇਸ ਕਾਰਨ ਉਸ ਦੇ ਪੁੱਤਰ ਨੂੰ ਕੈਨੇਡਾ ਤੋਂ ਵਾਪਸ ਆਉਣਾ ਪਿਆ। ਜਸ਼ਨਜੀਤ ਦੇ ਵਾਪਸ ਆਉਣ ’ਤੇ ਜਦ ਉਸ ਨੇ ਇਸ ਸਬੰਧੀ ਯੂਨੀਅਨ ਦੇ ਆਗੂਆਂ ਸਮੇਤ ਸੈਂਟਰ ਦੇ ਪ੍ਰਬੰਧਕੀ ਨਿਰਦੇਸ਼ਕ ਅਚਿੰਤ ਗੋਇਲ ਨਾਲ ਗੱਲਬਾਤ ਕੀਤੀ ਤਾਂ ਅਚਿੰਤ ਗੋਇਲ ਨੇ ਉਨ੍ਹਾਂ ਨਾਲ ਬਦਸਲੂਕੀ ਕੀਤ‌ੀ ਅਤੇ ਧਮਕਾਇਆ।
ਯੂਨੀਅਨ ਆਗੂ ਸਵਰਨਜੀਤ ਸਿੰਘ ਨੇ ਕਿਹਾ ਕਿ ਜਦ ਯੂਨੀਅਨ ਆਗੂ ਕੁਝ ਦਿਨ ਪਹਿਲਾਂ ਮਸਲੇ ਦੇ ਹੱਲ ਲਈ ਉਕਤ ਸੈਂਟਰ ਗਏ ਤਾਂ ਸੈਂਟਰ ਦੇ ਪ੍ਰਬੰਧਕੀ ਨਿਰਦੇਸ਼ਕ ਅਚਿੰਤ ਗੋਇਲ ਨੇ ਆਗੂਆਂ ਨਾਲ ਬਦਸਲੂਕੀ ਹੀ ਨਹੀਂ ਕੀਤੀ ਸਗੋਂ ਮੇਜ਼ ’ਤੇ ਰਿਵਾਲਵਰ ਰੱਖ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਮੌਕੇ ਦੀ ਨਜ਼ਾਕਤ ਦੇਖ ਕੇ ਕਿਸਾਨ ਆਗੂ ਸੈਂਟਰ ਤੋਂ ਬਾਹਰ ਆ ਗਏ । ਕਿਸਾਨ ਆਗੂ ਨੇ ਕਿਹਾ ‌ਕਿ ਸੈਂਟਰ ਚਾਲਕ ਜਸ਼ਨਜੀਤ ਸਿੰਘ ਦੇ ਪੈਸੇ ਵਾਪਸ ਕਰੇ। ਉਨ੍ਹਾਂ ਇਸ ਸਬੰਧੀ ਯੂਨੀਅਨ ਦੀ ਜ਼ਿਲ੍ਹਾ ਇਕਾਈ ਨਾਲ 12 ਫਰਵਰੀ ਨੂੰ ਮੀਟਿੰਗ ਕਰ ਕੇ ਅਗਲਾ ਸੰਘਰਸ਼ ਉਲੀਕਣ ਦਾ ਐਲਾਨ ਕੀਤਾ।

Advertisement

ਆਈਲੈਟਸ ਸੈਂਟਰ ਦੇ ਡਾਇਰੈਕਟਰ ਨੇ ਦੋਸ਼ ਨਕਾਰੇ

ਆਈਲੈਟਸ ਸੈਂਟਰ ਦੇ ਪ੍ਰਬੰਧਕੀ ਨਿਰਦੇਸ਼ਕ ਅਚਿੰਤ ਗੋਇਲ ਨੇ ਜਸ਼ਨਜੀਤ ਸਿੰਘ ਦੇ ਪਿਤਾ ਅਤੇ ਯੂਨੀਅਨ ਆਗੂਆਂ ਵੱਲੋਂ ਬਦਸਲੂਕੀ ਕਰਨ ਅਤੇ ਰਿਵਾਲਵਰ ਮੇਜ਼ ’ਤੇ ਰੱਖ ਕੇ ਧਮਕਾਉਣ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਸ਼ਨਜੀਤ ਸਿੰਘ, ਜਿਸ ਕੰਪਨੀ ’ਚ ਕੰਮ ਕਰਨ ਲਈ ਗਿਆ ਸੀ, ਉਹ ਕੰਪਨੀ ਕੈਨੇਡਾ ’ਚ ਮੌਜੂਦ ਹੈ। ਜਸ਼ਨਜੋਤ ਸਿੰਘ ਕਿਸੇ ਘਰੇਲੂ ਕਾਰਨ ਵਾਪਸ ਆਇਆ ਹੈ। ਫਿਰ ਵੀ ਉਹ ਮਸਲੇ ਦੇ ਹੱਲ ਲਈ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹੈ।

Advertisement
Advertisement