ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰ ਕੇ ਉਂਗਲੀਆਂ ਵੱਢੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 14 ਨਵੰਬਰ
ਸ਼ਹਿਰ ਦੇ ਕਾਂਸਾਪੁਰ ’ਚ ਬੀਤੀ ਰਾਤ ਸ਼ਿਵਪੁਰੀ ਕਲੋਨੀ ਦੇ ਰਹਿਣ ਵਾਲੇ ਅਮਨ ’ਤੇ ਇਕ ਵਿਅਕਤੀ ਨੇ ਰੰਜਿਸ਼ ਕਾਰਨ ਚਾਕੂ ਨਾਲ ਹਮਲਾ ਕਰ ਦਿੱਤਾ। ਅਮਨ ਦੇ ਸਰੀਰ ’ਤੇ ਚਾਕੂ ਨਾਲ ਹਮਲੇ ਦੇ ਦਰਜਨ ਤੋਂ ਵੱਧ ਨਿਸ਼ਾਨ ਮਿਲੇ ਹਨ ਜਿਸ ਦੇ ਚਲਦਿਆਂ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਸ਼ਿਵਪੁਰੀ ਕਲੋਨੀ ਦੇ ਰਹਿਣ ਵਾਲੇ ਅੰਮ੍ਰਿਤ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਛੋਟਾ ਭਰਾ ਅਮਨ ਇੱਕ ਪ੍ਰਾਈਵੇਟ ਠੇਕੇਦਾਰ ਕੋਲ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਦੇ ਭਰਾ ਅਮਨ ਦੀ ਸ਼ਿਵਪੁਰੀ ਕਲੋਨੀ ਵਾਸੀ ਜੱਗੂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮੁਲਜ਼ਮ ਉਸ ਦੇ ਭਰਾ ਨਾਲ ਰੰਜਿਸ਼ ਰੱਖ ਰਿਹਾ ਸੀ। ਅੰਮ੍ਰਿਤ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਸ ਦਾ ਭਰਾ ਅਮਨ ਕਾਂਸਾਪੁਰ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਕੋਲ ਸਾਈਕਲ ’ਤੇ ਬੈਠਾ ਸੀ। ਇਸ ਦੌਰਾਨ ਜੱਗੂ ਵੀ ਉੱਥੇ ਆ ਗਿਆ ਅਤੇ ਮੁਲਜ਼ਮ ਨੇ ਆਉਂਦਿਆਂ ਹੀ ਆਪਣੀ ਪੈਂਟ ’ਚੋਂ ਲੋਹੇ ਦਾ ਚਾਕੂ ਕੱਢ ਲਿਆ ਅਤੇ ਉਸ ਦੇ ਭਰਾ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਝ ਵਾਰ ਉਸ ਦੀ ਗਲੇ ’ਤੇ ਵੀ ਲੱਗੇ ਹਨ। ਜਦੋਂ ਉਸ ਦੇ ਭਰਾ ਨੇ ਆਪਣੇ ਬਚਾ ਲਈ ਹੱਥ ਅੱਗੇ ਕੀਤੇ ਤਾਂ ਮੁਲਜ਼ਮ ਨੇ ਚਾਕੂ ਨਾਲ ਉਸ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ। ਰੌਲਾ ਸੁਣ ਕੇ ਜਦੋਂ ਹੋਰ ਲੋਕ ਮੌਕੇ ’ਤੇ ਪੁੱਜੇ ਤਾਂ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।