ਮੋਰੱਕੋ ਫਸੇ ਨੌਜਵਾਨ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ
ਹਤਿੰਦਰ ਮਹਿਤਾ
ਜਲੰਧਰ, 4 ਅਪਰੈਲ
ਪਿਛਲੇ 10 ਮਹੀਨਿਆਂ ਤੋਂ ਮੋਰੱਕੋ ਵਿੱਚ ਫਸੇ ਨੌਜਵਾਨ ਅਰਸ਼ਦੀਪ ਸਿੰਘ (22) ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ ਹੋ ਗਈ ਹੈ। ਮੁਰੀਦਵਾਲ ਵਾਸੀ ਨਿਰਮਲ ਸਿੰਘ ਨੇ ਆਪਣੇ ਬਾਰ੍ਹਵੀਂ ਪਾਸ ਪੁੱਤਰ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੇ ਹੋਰ ਸਕੇ ਸਬੰਧੀਆਂ ਕੋਲੋਂ 13 ਲੱਖ ਰੁਪਏ ਇਕੱਠੇ ਕਰਕੇ ਪਿੰਡ ਪੰਮਣਾ ਵਾਸੀ ਟਰੈਵਲ ਏਜੰਟ ਨੂੰ ਦਿੱਤੇ ਸਨ। ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ਨੂੰ ਜੈਪੁਰ ਤੋਂ ਸਪੇਨ ਲਈ ਜਹਾਜ਼ ਚੜ੍ਹਿਆ ਸੀ ਪਰ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਮੋਰੱਕੋ ਵਿੱਚ ਲਿਜਾ ਕੇ ਫਸਾ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਜਿਹੜੇ ਪੈਸੇ ਸੀ ਉਹ ਹੋਟਲ ਦੇ ਕਿਰਾਏ ਅਤੇ ਖਾਣੇ ’ਤੇ ਖਰਚੇ ਗਏ। ਉਹ ਆਪਣੇ ਘਰ ਤੋਂ ਹਰ ਹਫ਼ਤੇ 15 ਤੋਂ 20 ਹਜ਼ਾਰ ਰੁਪਏ ਮੰਗਵਾ ਕੇ ਗੁਜ਼ਾਰਾ ਕਰ ਰਿਹਾ ਸੀ। ਟਰੈਵਲ ਏਜੰਟ ਉਨ੍ਹਾਂ ਨੂੰ ਰੋਜ਼ਾਨਾ ਹੀ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ। 10 ਮਹੀਨਿਆਂ ਦਾ ਹੋਟਲ ਦਾ ਖਰਚਾ ਹੀ ਉਨ੍ਹਾਂ ਦਾ 7 ਲੱਖ ਦੇ ਕਰੀਬ ਬਣ ਚੁੱਕਿਆ ਸੀ। ਅਰਸ਼ਦੀਪ ਨੇ ਦੱਸਿਆ ਕਿ ਉਸ ਨਾਲ ਹੋਰ ਮੁੰਡੇ ਵੀ ਸਨ ਜਿਨ੍ਹਾਂ ਫੇਸਬੁੱਕ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਅਤੇ ਆਪਣੀ ਹੱਡਬੀਤੀ ਸੁਣਾਈ। ਮਗਰੋਂ ਉਸ ਦੇ ਪਿਤਾ ਨਿਰਮਲ ਸਿੰਘ ਪਿੰਡ ਦੇ ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ 19 ਮਾਰਚ ਨੂੰ ਸੰਤ ਸੀਚੇਵਾਲ ਨੂੰ ਮਿਲੇ ਸਨ। ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕਿ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਮੋਰੱਕੋ ਵਿਚਲੀ ਭਾਰਤੀ ਅੰਬੈਸੀ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ। ਉਹ 28 ਮਾਰਚ ਨੂੰ ਆਪਣੇ ਘਰ ਪਹੁੰਚ ਗਏ ਸਨ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ 10 ਹੋਰ ਪੰਜਾਬੀਆਂ ਦੀ ਵੀ ਘਰ ਵਾਪਸੀ ਹੋਈ ਹੈ। ਅਰਸ਼ਦੀਪ ਨੇ ਕਿਹਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਦੇ ਭਰਮ ਜਾਲ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਸੀ।