ਮੋਟਰਸਾਈਕਲ ਸਵਾਰ ਨੌਜਵਾਨ ਨਹਿਰ ਵਿੱਚ ਡਿੱਗਿਆ
ਹਰਦੀਪ ਸਿੰਘ ਸੋਢੀ
ਧੂਰੀ, 17 ਅਕਤੂਬਰ
ਸਥਾਨਕ ਬਰਨਾਲਾ ਸੜਕ ’ਤੇ ਸਥਿਤ ਪਿੰਡ ਰਣੀਕੇ ਵਿੱਚੋਂ ਲੰਘਦੀ ਨਹਿਰ ਦੇ ਪੁਲ ਉੱਪਰੋਂ ਟੁੱਟੀ ਰੇਲਿੰਗ ਲੋਕਾਂ ਦੀ ਜਾਨ ਦਾ ਖੌਅ ਬਣਦੀ ਜਾ ਰਹੀ ਹੈ। ਇੱਥੇ ਰੇਲਿੰਗ ਨਾ ਹੋਣ ਕਾਰਨ ਅੱਜ ਮੋਟਰਸਾਈਕਲ ’ਤੇ ਆ ਰਿਹਾ ਨੇੜਲੇ ਪਿੰਡ ਸੁਲਤਾਨਪੁਰ ਦਾ ਨੌਜਵਾਨ ਇਸ ਨਹਿਰ ਵਿੱਚ ਜਾ ਡਿੱਗਿਆ। ਖ਼ਬਰ ਲਿਖੇ ਜਾਣ ਤੱਕ ਨਹਿਰ ਵਿੱਚ ਡਿੱਗਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਮੌਕੇ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਹਲਕਾ ਧੂਰੀ ਤੋਂ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਕਿਹਾ ਕਿ 24 ਘੰਟੇ ਚੱਲਣ ਵਾਲੀ ਇਸ ਸੜਕ ’ਤੇ ਰੋਜ਼ਾਨਾ ਹਜ਼ਾਰਾਂ ਵਾਹਨ ਚਾਲਕ ਲੰਘਦੇ ਹਨ। ਉਨ੍ਹਾਂ ਕਿਹਾ ਕਿ ਨਹਿਰ ਦੇ ਪੁਲ ’ਤੇ ਰੇਲਿੰਗ ਨਾ ਹੋਣਾ ਜਿੱਥੇ ਪ੍ਰਸ਼ਾਸਨ ਦੀ ਅਣਗਿਹਲੀ ਦਰਸਾਉਦਾ ਹੈ, ਉੱਥੇ ਲੋਕਾਂ ਨੂੰ ਇਸ ਅਣਗਿਹਲੀ ਕਾਰਨ ਆਪਣੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਅੱਜ ਨੇੜਲੇ ਪਿੰਡ ਸੁਲਤਾਨਪੁਰ ਦਾ ਇੱਕ ਨੌਜਵਾਨ ਇਸ ਨਹਿਰ ਵਿੱਚ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਉਹ ਲੋਕਾਂ ਦੀ ਜਾਨ ਦਾ ਖੌਅ ਬਣਦੇ ਇਸ ਪੁਲ ’ਤੇ ਤੁਰੰਤ ਰੇਲਿੰਗ ਲਗਵਾਉਣ ਦੀ ਮੰਗ ਲਈ ਭਲਕੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕਰਨਗੇ ਅਤੇ ਜੇ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਉਹ ਧਰਨਾ, ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਦੂਜੇ ਪਾਸੇ, ਧੂਰੀ ਦੇ ਐੱਸਡੀਐੱਮ ਵਿਕਾਸ ਹੀਰਾ ਨੇ ਕਿਹਾ ਇਸ ਸਬੰਧੀ ਉਹ ਖ਼ੁਦ ਮੌਕਾ ਦੇਖ ਕੇ ਸੰਬਧਤ ਵਿਭਾਗ ਨੂੰ ਲੋੜੀਂਦੀਆਂ ਹਦਾਇਤਾਂ ਦੇਣਗੇ।