ਨੌਜਵਾਨ ਨੇ ਘਰ ਅੱਗੇ ਖੜ੍ਹੇ ਗੰਦੇ ਪਾਣੀ ’ਚ ਲਾਇਆ ਝੋਨਾ
06:46 AM Jul 05, 2024 IST
ਬੀਰਬਲ ਰਿਸ਼ੀ
ਸ਼ੇਰਪੁਰ, 4 ਜੁਲਾਈ
ਪਿੰਡ ਘਨੌਰੀ ਕਲਾਂ ਦੇ ਲਟੀਆ ਪੱਤੀ ਦਰਵਾਜ਼ੇ ਨੇੜੇ ਨੌਜਵਾਨ ਮਹੰਤ ਸੰਦੀਪ ਦਾਸ ਨੇ ਚਾਰ ਮਹੀਨਿਆਂ ਤੋਂ ਆਪਣੇ ਗੇਟ ਅੱਗੇ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਵਿਰੁੱਧ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਪਾਣੀ ਵਿੱਚ ਝੋਨਾ ਲਗਾ ਕੇ ਪੰਚਾਇਤ ਵਿਭਾਗ ਦੇ ਆਲਸਪੁਣੇ ’ਤੇ ਉਂਗਲ ਚੁੱਕੀ।
ਸੰਦੀਪ ਦਾਸ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਅੱਗੇ ਨਾਲੇ ਦਾ ਪਾਣੀ ਗਲੀ ਵਿੱਚ ਆ ਕੇ ਰੁਕ ਜਾਂਦਾ ਹੈ ਜਿਸ ਸਬੰਧੀ ਉਹ ਵਾਰ-ਵਾਰ ਇਸ ਸਮੱਸਿਆ ਦੇ ਹੱਲ ਲਈ ਬੇਨਤੀਆਂ ਕਰ ਚੁੱਕਾ ਹੈ ਪਰ ਪੰਚਾਇਤ ਦੀ ਸਮਾਂ ਸੀਮਾ ਪੂਰੀ ਹੋਣ ਕਾਰਨ ਇਹ ਸਮੱਸਿਆ ਹੱਲ ਨਹੀਂ ਹੋ ਰਹੀ।
ਸੰਦੀਪ ਦਾਸ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਕਈ ਵਾਰ ਲੜਾਈ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ ਪਰ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਬੀਡੀਪੀਓ ਪ੍ਰਦੀਪ ਸ਼ਾਰਦਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਬੰਧਤ ਵਿਅਕਤੀ ਲਿਖਤੀ ਦਰਖਾਸਤ ਦੇਵੇ ਤਾਂ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement