ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰੀ
ਪੱਤਰ ਪ੍ਰੇਰਕ
ਅਬੋਹਰ, 5 ਜੂਨ
ਪਿੰਡ ਘੱਲੂ ਨੇੜੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਜੀਆਰਪੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਬਸਤੀ ਚੰਗੀ ਲੰਗੇਆਣਾ ਦਾ ਰਹਿਣ ਵਾਲਾ 34 ਸਾਲਾ ਨਿਸ਼ਾਨ ਸਿੰਘ ਪੁੱਤਰ ਤੋਤਾ ਸਿੰਘ ਬੀਤੇ ਦਿਨੀਂ ਘੱਲੂ ਵਿਖੇ ਆਪਣੀ ਵਿਆਹੀ ਭੈਣ ਦੇ ਘਰ ਮਿਲਣ ਆਇਆ ਸੀ। ਅੱਜ ਜਦੋਂ ਫਿਰੋਜ਼ਪੁਰ ਤੋਂ ਹਨੂੰਮਾਨਗੜ੍ਹ ਜਾ ਰਹੀ ਰੇਲਗੱਡੀ ਸਵੇਰੇ 8 ਵਜੇ ਦੇ ਕਰੀਬ ਘੱਲੂ ਨੇੜੇ ਪੁੱਜੀ ਤਾਂ ਉਸ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੀ.ਆਰ.ਪੀ. ਪੁਲੀਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਸੋਨੂ ਗਰੋਵਰ ਅਤੇ ਬਿੱਟੂ ਨਰੂਲਾ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਰੇਲਵੇ ਲਾਈਨ ਤੋਂ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲੀਸ ਨੇ ਮ੍ਰਿਤਕ ਦੇ ਵੱਡੇ ਭਰਾ ਬਿੰਦਰ ਸਿੰਘ ਅਤੇ ਜੀਜਾ ਰਾਜ ਸਿੰਘ ਦੇ ਬਿਆਨਾਂ ‘ਤੇ ਅਧੀਨ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।