ਸ਼ੱਕੀ ਹਾਲਤ ’ਚ ਨੌਜਵਾਨ ਨੇ ਫਾਹਾ ਲਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਕਤੂਬਰ
ਮਿਹਰਬਾਨ ਦੀ ਮਾਡਲ ਕਾਲੋਨੀ ਇਲਾਕੇ ’ਚ ਰਹਿਣ ਵਾਲੇ ਪ੍ਰਭਜੋਤ ਨੇ ਇੱਥੇ ਦੇਰ ਰਾਤ ਸ਼ੱਕੀ ਹਾਲਤ ’ਚ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਭਜੋਤ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਜਿਸ ਸਮੇਂ ਉਸ ਨੇ ਖੁਦਕੁਸ਼ੀ ਕੀਤੀ, ਉਸ ਸਮੇਂ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪ੍ਰਭਜੋਤ ਨੇ ਜਿਸ ਚੁੰਨੀ ਨਾਲ ਫਾਹਾ ਲੈ ਲਿਆ, ਉਹ ਟੁੱਟ ਗਈ। ਉਸ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਉਸ ਦੇ ਕਮਰੇ ਵੱਲ ਭੱਜੇ ਤੇ ਤੁਰੰਤ ਪ੍ਰਭਜੋਤ ਨੂੰ ਚੁੱਕ ਕੇ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ। ਸ਼ੱਕ ਹੈ ਕਿ ਪ੍ਰਭਜੋਤ ਦਾ ਦੁਬਈ ਦੇ ਵੀਜ਼ਾ ’ਚ ਵਾਧਾ ਨਹੀਂ ਹੋਇਆ ਸੀ ਅਤੇ ਉਸ ’ਤੇ ਕਰਜ਼ਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਸੀ।
ਪ੍ਰਭਜੋਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਹ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਦੁਬਈ ਜਾਣ ਬਾਰੇ ਸੋਚਿਆ ਤਾਂ ਉਸ ਦਾ ਵੀਜ਼ਾ ਨਹੀਂ ਵਧਾਇਆ ਗਿਆ ਅਤੇ ਵਿਆਹ ਮਗਰੋਂ ਉਸ ਦੇ ਸਿਰ ਕੁਝ ਕਰਜ਼ਾ ਚੜ੍ਹ ਗਿਆ ਸੀ। ਉਸ ਨੇ ਕੁਝ ਬੈਂਕਾਂ ਦਾ ਕਰਜ਼ਾ ਵੀ ਮੋੜਨਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੋ ਦਿਨਾਂ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ ਅਤੇ ਪ੍ਰਭਜੋਤ ਕਮਰੇ ਵਿੱਚ ਇਕੱਲਾ ਸੀ। ਉਸ ਨੇ ਐਤਵਾਰ ਰਾਤ ਨੂੰ ਆਪਣੇ ਕਮਰੇ ’ਚ ਚੁੰਨੀ ਨਾਲ ਫਾਹਾ ਲੈ ਲਿਆ। ਜਦੋਂ ਉਸ ਦੀ ਮਾਂ ਕੁਲਵਿੰਦਰ ਕੌਰ ਨੇ ਉਸ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਉਹ ਅੰਦਰ ਗਈ ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ। ਥਾਣਾ ਮੇਹਰਬਾਨ ਦੇ ਐੱਸਐੱਚਓ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਪਰਿਵਾਰ ਨੇ ਪੁਲੀਸ ਨੂੰ ਦੁਬਈ ਦਾ ਵੀਜ਼ਾ ਵਧਾਉਣ ਜਾਂ ਕਰਜ਼ੇ ਬਾਰੇ ਕੁਝ ਨਹੀਂ ਦੱਸਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ।