ਪੁਲੀਸ ਕੁੱਟਮਾਰ ਮਗਰੋਂ ਨੌਜਵਾਨ ਨੇ ਫਾਹਾ ਲਿਆ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 19 ਸਤੰਬਰ
ਇਥੇ ਸ਼ਾਹਕੋਟ ਪੁਲੀਸ ਵੱਲੋਂ ਬੁੱਢਣਵਾਲ ਦੇ ਨੌਜਵਾਨ ਦੀ ਕੀਤੀ ਕਥਿਤ ਕੁੱਟਮਾਰ ਮਗਰੋਂ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਰਮਨਦੀਪ ਸਿੰਘ ਵਾਸੀ ਲਸੂੜੀ ਨੇ ਦੱਸਿਆ ਕਿ ਪਿੰਡ ਬੁੱਢਣਵਾਲ ਦੇ ਪੁਲੀਸ ਮੁਲਾਜ਼ਮ ਦੀ ਪਤਨੀ ਨੇ ਉਨ੍ਹਾਂ ਦੇ ਮਾਸੀ ਦੇ ਪੁੱਤਰ ਗੁਰਵਿੰਦਰ ਸਿੰਘ ਵਾਸੀ ਬੁੱਢਣਵਾਲ ਖ਼ਿਲਾਫ਼ ਥਾਣਾ ਸ਼ਾਹਕੋਟ ਵਿੱਚ ਸ਼ਿਕਾਇਤ ਕੀਤੀ ਸੀ।
ਇਸ ਕਾਰਨ ਪੁਲੀਸ ਨੇ ਗੁਰਵਿੰਦਰ ਸਿੰਘ ਨੂੰ ਥਾਣੇ ਲਿਆ ਕੇ ਉਸ ਦੀ ਕਥਿਤ ਕੁੱਟਮਾਰ ਕੀਤੀ। ਉਸ ਦਾ ਮੋਬਾਈਲ ਫੋਨ, ਨੱਤੀਆਂ ਅਤੇ ਫੋਨ ਵਿੱਚੋਂ 2000 ਰੁਪਏ ਵੀ ਕੱਢ ਲਏ, ਜਦੋਂ ਉਹ ਆਪਣਾ ਸਾਮਾਨ ਲੈਣ ਥਾਣੇ ਦੁਬਾਰਾ ਗਿਆ ਤਾਂ ਪੁਲੀਸ ਵੱਲੋਂ ਫਿਰ ਉਸ ’ਤੇ ਕਥਿਤ ਤਸ਼ੱਦਦ ਢਾਹਿਆ ਗਿਆ।
ਪੁਲੀਸ ਵੱਲੋਂ ਕਥਿਤ ਕੁੱਟਮਾਰ ਕਾਰਨ ਉਸ ਨੇ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਮਰਨ ਤੋਂ ਪਹਿਲਾਂ ਉਸ ਨੇ ਵੀਡੀਓ ਵੀ ਬਣਾਈ ਹੈ,ਜਿਸ ਵਿਚ ਉਹ ਕਿਸੇ ਏਜੰਟ ਕੋਲੋਂ ਕਰੀਬ 5-6 ਲੱਖ ਰੁਪਏ ਲੈਣ ਅਤੇ ਪੁਲੀਸ ਦੇ ਤਸ਼ੱਦਦ ਬਾਰੇ ਦੱਸ ਰਿਹਾ ਹੈ।
ਐੱਸਐੱਚਓ ਨੇ ਨਾਜਾਇਜ਼ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਿਆ
ਐੱਸਐੱਚਓ ਸ਼ਾਹਕੋਟ ਅਮਨ ਸੈਣੀ ਨੇ ਪੁਲੀਸ ਵੱਲੋਂ ਨੌਜਵਾਨ ਦੀ ਕੀਤੀ ਨਾਜਾਇਜ਼ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣੇ ਹੀ ਇਸ ਸਬੰਧੀ ਸੂਚਨਾ ਮਿਲੀ ਹੈ। ਉਹ ਪਰਿਵਾਰ ਕੋਲੋਂ ਜਾਣਕਾਰੀ ਹਾਸਲ ਕਰ ਰਹੇ ਹਨ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਏਜੰਟ ਕੋਲੋਂ ਰੁਪਏ ਲੈਣ ਬਾਰੇ ਜਾਣਕਾਰੀ ਮਿਲੀ ਹੈ। ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਅਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।