ਚੋਰੀ ਦੇ ਸ਼ੱਕ ਹੇਠ ਕਾਬੂ ਨੌਜਵਾਨ ਨੇ ਗੋਲੀ ਚਲਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਤਾਜਪੁਰ ਰੋਡ ਦੇ ਜਗਦੀਸ਼ਪੁਰਾ ਮੁਹੱਲੇ ’ਚ ਸੋਮਵਾਰ ਸਵੇਰੇ ਇਲਾਕੇ ਦੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸ ਨੌਜਵਾਨ ਨੇ ਗੋਲੀ ਚਲਾ ਦਿੱਤੀ। ਗੋਲੀ ਇੱਕ ਨੌਜਵਾਨ ਨੂੰ ਛੂਹ ਕੇ ਤੇ ਦੂਜੇ ਦੇ ਪੇਟ ਵਿੱਚੋਂ ਆਰ-ਪਾਰ ਹੋ ਗਈ। ਜ਼ਖ਼ਮੀ ਦੀ ਪਛਾਣ ਪ੍ਰਿੰਸ ਕੁਮਾਰ ਦੇ ਰੂਪ ਵਿੱਚ ਹੋਈ ਹੈ। ਪ੍ਰਿੰਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪ੍ਰਿੰਸ ਅਤੇ ਉਸ ਦੇ ਸਾਥੀ ਮੁਲਜ਼ਮ ਨੂੰ ਚੋਰੀ ਦੇ ਦੋਸ਼ ’ਚ ਕਾਬੂ ਕਰ ਰਹੇ ਸਨ। ਇਸ ਦੌਰਾਨ ਉਸ ਨੇ ਗੋਲੀ ਚਲਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀ ਅਤੇ ਥਾਣਾ ਡਿਵੀਜ਼ਨ-7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ’ਚ ਪ੍ਰਿੰਸ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁਹੱਲਾ ਜਗਦੀਸ਼ਪੁਰਾ ਇਲਾਕੇ ਵਿੱਚੋਂ ਪਿਛਲੇ ਕੁਝ ਦਿਨਾਂ ਤੋਂ ਲਾਈਟਾਂ ਚੋਰੀ ਹੋ ਰਹੀਆਂ ਸਨ। ਇਲਾਕੇ ਦੇ ਲੋਕਾਂ ਨੇ ਜਦੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਨੌਜਵਾਨ ਦਾ ਪਤਾ ਲੱਗ ਗਿਆ। ਸੋਮਵਾਰ ਦੀ ਸਵੇਰੇ ਉਹ ਨੌਜਵਾਨ ਇਲਾਕੇ ’ਚ ਘੁੰਮ ਰਿਹਾ ਸੀ। ਉਸ ਦੀ ਫੋਟੋ ਲਾਈਟਾਂ ਚੋਰੀ ਕਰਦੇ ਹੋਏ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਸੀ। ਪ੍ਰਿੰਸ ਅਤੇ ਉਸ ਦੇ ਦੋਸਤਾਂ ਨੇ ਮੁਲਜ਼ਮ ਨੂੰ ਸ਼ੱਕੀ ਸਮਝਦਿਆਂ ਰੋਕ ਲਿਆ ਅਤੇ ਲਾਈਟਾਂ ਚੋਰੀ ਕਰਨ ਬਾਰੇ ਪੁੱਛਿਆ ਪਰ ਮੁਲਜ਼ਮ ਕੋਈ ਜਵਾਬ ਨਹੀਂ ਦੇ ਸਕਿਆ। ਜਦੋਂ ਲੋਕਾਂ ਨੇ ਪੁਲੀਸ ਨੂੰ ਬੁਲਾਉਣ ਦੀ ਗੱਲ ਕੀਤੀ ਤਾਂ ਮੁਲਜ਼ਮ ਨੇ ਆਪਣੇ ਕੋਲ ਰੱਖੇ ਬੈਗ ਵਿੱਚੋਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਇੱਕ ਗੋਲੀ ਨੌਜਵਾਨ ਨੂੰ ਛੂਹ ਕੇ ਨਿਕਲ ਗਈ, ਜਦਕਿ ਪ੍ਰਿੰਸ ਦੇ ਪੇਟ ਵਿੱਚ ਜਾ ਲੱਗੀ। ਥਾਣਾ ਡਿਵੀਜ਼ਨ-7 ਦੇ ਐਡੀਸ਼ਨਲ ਐੱਸਐੱਚਓ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਮਾਨਤ ’ਤੇ ਬਾਹਰ ਆਏ ਮੁਲਜ਼ਮ ਨੇ ਚਲਾਈ ਸੀ ਗੋਲੀ
ਲਾਈਟ ਚੋਰੀ ਮਾਮਲੇ ’ਚ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੋਲੀ ਚਲਾਉਣ ਵਾਲਾ ਜੇਲ੍ਹ ਤੋਂ ਜ਼ਮਾਨਤ ’ਤੇ ਆਇਆ ਕਿਸ਼ੋਰ ਨਗਰ ਦਾ ਰਹਿਣ ਵਾਲਾ ਰਾਮਾਨੰਦ ਹੈ। ਉਸ ਦੇ ਖ਼ਿਲਾਫ਼ ਟਿੱਬਾ ਥਾਣੇ ਵਿੱਚ ਪਹਿਲਾਂ ਵੀ ਕੇਸ ਦਰਜ ਹੈ ਤੇ ਉਹ ਲੰਮਾਂ ਸਮੇਂ ਤੋਂ ਜੇਲ੍ਹ ਵਿੱਚ ਰਹਿ ਚੁੱਕਾ ਹੈ। ਪੁਲੀਸ ਨੇ ਮੁਲਜ਼ਮ ਰਾਮਾਨੰਦ ਨੂੰ ਨਾਮਜ਼ਦ ਕਰ ਲਿਆ ਹੈ ਤੇ ਪੁਲੀਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ।