For the best experience, open
https://m.punjabitribuneonline.com
on your mobile browser.
Advertisement

ਝਾੜ ਚੰਗਾ ਪਰ ਢੁਕਵਾਂ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਖਰਚੇ ਪੂਰੇ ਕਰਨੇ ਵੀ ਔਖੇ ਹੋਏ

07:19 AM Jun 20, 2024 IST
ਝਾੜ ਚੰਗਾ ਪਰ ਢੁਕਵਾਂ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਖਰਚੇ ਪੂਰੇ ਕਰਨੇ ਵੀ ਔਖੇ ਹੋਏ
ਟਮਾਟਰ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਾ ਹੋਇਆ ਕਿਸਾਨ।
Advertisement

ਗੁਰਪ੍ਰੀਤ ਸਿੰਘ
ਸਾਦਿਕ, 19 ਜੂਨ
ਇਲਾਕੇ ਦੇ ਪਿੰਡ ਝੋਟੀ ਵਾਲਾ, ਘੁਗਿਆਣਾ, ਅਰਾਈਆਂ ਵਾਲਾ ਤੇ ਮਚਾਕੀ ਆਦਿ ਵਿੱਚ ਟਮਾਟਰਾਂ ਦੀ ਭਰਵੀਂ ਖੇਤੀ ਹੁੰਦੀ ਹੈ। ਇਸ ਵਾਰ ਵੀ ਤਿੰਨ ਹਜ਼ਾਰ ਏਕੜ ਦੇ ਕਰੀਬ ਕਾਸ਼ਤ ਹੋਈ ਹੈ। ਇਥੋਂ ਪੂਰੇ ਪੰਜਾਬ ਦੀਆਂ ਮੰਡੀਆਂ ਸਮੇਤ ਰਾਜਸਥਾਨ, ਹਿਮਾਚਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਦਿੱਲੀ ਆਦਿ ਤੋਂ ਵਪਾਰੀ ਰੋਜ਼ਾਨਾ ਕਰੀਬ 400 ਗੱਡੀਆਂ ਟਮਾਟਰਾਂ ਦੀਆਂ ਭਰ ਕੇ ਲਿਜਾਂਦੇ ਹਨ। ਹੁਣ ਟਮਾਟਰਾਂ ਦੀ ਤੁੜਵਾਈ ਅਖਰੀਲੇ ਪੜਾਅ ’ਤੇ ਪਹੁੰਚ ਚੁੱਕੀ ਹੈ। ਐਤਕੀਂ ਝਾੜ ਚੋਖਾ ਰਿਹਾ ਪਰ ਭਾਅ ਢੁੱਕਵਾਂ ਨਾ ਮਿਲਣ ਕਾਰਨ ਕਿਸਾਨ ਚਿੰਤਾ ਵਿੱਚ ਹਨ। ਪਿੰਡ ਘੁਗਿਆਣਾ ਦਾ ਕਿਸਾਨ ਕਰਨੈਲ ਸਿੰਘ ਨੇ 90,000 ਪ੍ਰਤੀ ਏਕੜ ਠੇਕੇ ’ਤੇ ਲੈ ਕੇ ਟਮਾਟਰ ਦੀ ਖੇਤੀ ਕੀਤੀ ਹੈ। ਉਸ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨ ਜ਼ਮੀਨ ਠੇਕੇ ’ਤੇ ਲੈ ਕੇ ਹੀ ਖੇਤੀ ਕਰ ਰਹੇ ਹਨ ਪਰ ਇਸ ਵਾਰ ਮੁਨਾਫਾ ਤਾਂ ਦੂਰ ਦੀ ਗੱਲ ਲਾਗਤ ਖਰਚ ਵੀ ਮੁੜਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਨੇ ਦੱਸਿਆ ਕਿ 25 ਕਿੱਲੋ ਦਾ ਕਰੇਟ ਜੋ ਦੋ ਸਾਲ ਪਹਿਲਾਂ 600 ਰੁਪਏ ਦਾ ਵਿਕਿਆ ਸੀ ਐਤਕੀਂ 100 ਤੋਂ 120 ਰੁਪਏ ਤੱਕ ਹੀ ਵਿਕਿਆ ਹੈ ਜਿਸ ਦੀ ਤੁੜਵਾਈ ਦਾ ਖਰਚ ਹੀ 25 ਰੁਪਏ ਹੈ। ਕਿਸਾਨ ਗੁਰਬਚਨ ਸਿੰਘ ਨੇ ਦੱਸਿਆ ਪਿਛਲੇ ਸਾਲ ਇਹਨੀਂ ਦਿਨੀਂ ਮੌਸਮ ਠੀਕ ਹੋਣ ਕਾਰਨ ਫ਼ਸਲ ਦਾ ਸੀਜ਼ਨ ਲੰਮਾ ਚੱਲਿਆ ਸੀ ਜਿਸ ਨਾਲ ਅਖਰੀਲੇ ਪੜਾਅ ’ਤੇ ਭਾਅ ਠੀਕ ਬਣ ਗਿਆ ਸੀ ਪਰ ਐਤਕੀਂ ਗਰਮੀ ਕਾਰਨ ਖੇਤ ਜਲਦੀ ਵਿਹਲੇ ਹੋ ਗਏ ਜੋ ਘਾਟੇ ਸੌਦਾ ਸਾਬਤ ਹੋਇਆ ਹੈ। ਝੋਟੀਵਾਲਾ ਦੇ ਕਿਸਾਨ ਬਲਧੀਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਅਬੋਹਰ ਵਿਚਲੇ ਪਲਾਂਟ ਵਿੱਚ 6.20 ਰੁਪਏ ਕਿੱਲੋ ਦੇ ਹਿਸਾਬ ਨਾਲ ਮਾਲ ਖਰੀਦਿਆ ਗਿਆ ਹੈ ਪਰ ਮਹੀਨੇ ਤੋਂ ਵਧੇਰੇ ਸਮਾਂ ਬੀਤਣ ’ਤੇ ਵੀ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ।

Advertisement

Advertisement
Author Image

Advertisement
Advertisement
×