ਝੁੱਗੀਆਂ ’ਤੇ ਚੱਲਿਆ ਨਗਰ ਸੁਧਾਰ ਟਰੱਸਟ ਦਾ ਪੀਲਾ ਪੰਜਾ
ਗਗਨਦੀਪ ਅਰੋੜਾ
ਲੁਧਿਆਣਾ, 8 ਅਗਸਤ
ਨਗਰ ਸੁਧਾਰ ਟਰੱਸਟ ਦੀ ਤਾਜਪੁਰ ਰੋਡ ’ਤੇ ਪਈ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਰੂਪ ’ਚ ਬਣੀਆਂ ਝੁੱਗੀਆਂ ’ਤੇ ਨਗਰ ਸੁਧਾਰ ਟਰੱਸਟ ਨੇ ਵੀਰਵਾਰ ਨੂੰ ਪੀਲਾ ਪੰਜਾ ਚਲਾਇਆ।
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦੀ ਟੀਮ ਨਾਲ ਪੁਲੀਸ ਵੀ ਵੱਡੀ ਗਿਣਤੀ ’ਚ ਮੌਜੂਦ ਸੀ। ਜਦੋਂ ਪੁਲੀਸ ਦੀ ਨਿਗਰਾਨੀ ’ਚ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਝੁੱਗੀ ਵਾਲਿਆਂ ਨੂੰ ਉੱਥੋਂ ਸਾਮਾਨ ਚੁੱਕਣ ਲਈ ਕਿਹਾ ਤਾਂ ਉਨ੍ਹਾਂ ਵਿਰੋਧ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੀ ਜ਼ਮੀਨ ’ਤੇ ਬਣੀਆਂ ਨਾਜਾਇਜ਼ ਝੁੱਗੀਆਂ ਖਿਲਾਫ਼ ਨਗਰ ਸੁਧਾਰ ਟਰੱਸਟ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ਵਾਲੇ ਲੋਕਾਂ ਨੂੰ ਪੁਲੀਸ ਨੇ ਪਿੱਛੇ ਕੀਤਾ ਤੇ ਕਾਰਵਾਈ ’ਚ ਰੁਕਾਵਟ ਨਾ ਪਾਉਣ ਦੀ ਅਪੀਲ ਕੀਤੀ। ਨਗਰ ਸੁਧਾਰ ਟਰੱਸਟ ਦੇ ਵੱਲੋਂ ਵੀਰਵਾਰ ਨੂੰ ਤਾਜਪੁਰ ਰੋਡ ’ਤੇ ਕਰੀਬ 70 ਤੋਂ 80 ਝੁੁੱਗੀਆਂ ਨੂੰ ਢਹਿ ਢੇਰੀ ਕਰਨ ਲਈ ਪੀਲਾ ਪੰਜਾ ਚਲਾਇਆ ਗਿਆ।
ਨਗਰ ਸੁਧਾਰ ਟਰੱਸਟ ਦੀ ਟੀਮ ਵੀਰਵਾਰ ਦੀ ਸਵੇਰੇ ਤਾਜਪੁਰ ਰੋਡ ’ਤੇ ਪੁਲੀਸ ਟੀਮ ਨਾਲ ਪੁੱਜੀ। ਟੀਮ ਨੇ ਝੁੱਗੀ ਵਾਲਿਆਂ ਨੂੰ ਸਾਮਾਨ ਬਾਹਰ ਕੱਢਣ ਲਈ ਸਮਾਂ ਦਿੱਤਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਝੁੱਗੀ ਵਾਲਿਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਅਦਾਲਤ ਵੱਲੋਂ ਲਾਈ ਸਟੇਅ ਵੀ ਦਿਖਾਈ। ਪ੍ਰਦਰਸ਼ਨਕਾਰੀ ਦੁਕਾਨਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਤੋਂ ਸਟੇਅ ਮਿਲੀ ਹੋਈ ਹੈ। ਇਲਾਕੇ ’ਚ ਉਨ੍ਹਾਂ ਦੀ ਦੁਕਾਨ ਹੈ। ਉਨ੍ਹਾਂ ਦੇ ਇੱਥੇ ਬਿਜਲੀ ਮੀਟਰ ਵੀ ਲੱਗਿਆ ਹੈ। 25 ਸਤੰਬਰ ਨੂੰ ਕੇਸ ਦੀ ਸੁਣਵਾਈ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਦੁਕਾਨ ਸਰਕਾਰੀ ਜ਼ਮੀਨ ’ਤੇ ਹੈ ਤਾਂ ਉਸਦੀ ਦੁਕਾਨ ’ਤੇ ਬਿਜਲੀ ਦਾ ਮੀਟਰ ਕਿਉਂ ਲਾਇਆ ਗਿਆ। ਅੱਜ ਤੱਕ ਅਧਿਕਾਰੀ ਉਨ੍ਹਾਂ ਤੋਂ ਪੈਸੇ ਠੱਗਣ ਲਈ ਮੀਟਰ ਲਾ ਕੇ ਬਿੱਲ ਵਸੂਲਦੇ ਆ ਰਹੇ ਹਨ। ਦੂਸਰੇ ਪਾਸੇ ਇਸ ਮਾਮਲੇ ’ਚ ਨਗਰ ਸੁਧਾਰ ਟਰੱਸਟ ਦੇ ਐਗਜ਼ੀਕਿਊਟਿਵ ਨਵੀਨ ਮਲਹੋਤਰਾ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੀਡਬਲਯੂਡੀ ਦੇ ਰਾਹੀਂ ਚਾਰਦੀਵਾਰੀ ਦੀ ਉਸਾਰੀ ਕਰਵਾ ਰਿਹਾ ਹੈ। ਸਕੂਲ ਦੀ ਜਗ੍ਹਾ ਤੇ ਸੜਕ ’ਤੇ ਝੁੱਗੀਆਂ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਉਹ ਕਬਜ਼ਾਧਾਰੀਆਂ ਨੂੰ ਕਈ ਵਾਰ ਝੁੱਗੀਆਂ ਹਟਾਉਣ ਲਈ ਆਖਿਆ ਪਰ ਅੱਜ ਉਨ੍ਹਾਂ ਨੂੰ ਮਜਬੂਰਨ ਕਾਰਵਾਈ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਟੇਅ ਦੀ ਗੱਲ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਿਜਲੀ ਵਿਭਾਗ ਨੇ ਬਿਜਲੀ ਦੇ ਮੀਟਰ ਕਿਵੇਂ ਲਾਏ ਹਨ, ਇਹ ਤਾਂ ਬਿਜਲੀ ਵਿਭਾਗ ਹੀ ਦੱਸ ਸਕਦਾ ਹੈ।