ਸ਼ਗਨਾਂ ਦਾ ਵਿਹੜਾ: ਅੰਬਰਾਂ ਨੂੰ ਹੱਥ ਲਾਉਂਦੇ ਪੰਜਾਬੀ..!
ਮਿਜ਼ਾਜ-ਏ-ਪੰਜਾਬ
ਚਰਨਜੀਤ ਭੁੱਲਰ
ਚੰਡੀਗੜ੍ਹ, 5 ਦਸੰਬਰ
ਪੰਜਾਬ ’ਚ ਮੈਰਿਜ ਪੈਲੇਸ ਵੀ ਵੱਡੇ ਹਨ ਅਤੇ ਨਾਲੇ ਖ਼ਰਚੇ ਵੀ ਛੋਟੇ ਨਹੀਂ ਜਿਨ੍ਹਾਂ ਵੱਲ ਦੇਖ ਕੇ ਜਾਪਦਾ ਹੈ ਕਿ ਪੰਜਾਬ ਦੇ ਘਰਾਂ ’ਚ ਕੋਈ ਘਾਟਾ ਨਹੀਂ ਹੈ। ਪੰਜ ਤਾਰਾ ਮੈਰਿਜ ਪੈਲੇਸ ਦੀ ਵੱਡੀ ਲੀਕ ਦੇਖ ਕੇ ਪਿੰਡਾਂ ਦੀਆਂ ਜੂਹਾਂ ’ਚ ਛੋਟੇ ਮੈਰਿਜ ਪੈਲੇਸਾਂ ਨੇ ਵੀ ਆਪਣੀ ਲੀਕ ਵਾਹੀ ਹੈ। ਪੰਜਾਬੀ ਹਰ ਸਾਲ ਔਸਤਨ ਸਵਾ ਸੱਤ ਸੌ ਕਰੋੜ ਰੁਪਏ ਮੈਰਿਜ ਪੈਲੇਸਾਂ ਦੇ ਕਿਰਾਏ ਵਜੋਂ ਤਾਰਦੇ ਹਨ। ਬਾਕੀ ਖ਼ਰਚੇ ਹਾਲੇ ਵੱਖਰੇ ਹਨ। ਪੰਜਾਬੀਆਂ ਨੇ ਸਾਢੇ ਸੱਤ ਸਾਲਾਂ ’ਚ ਪੈਲੇਸਾਂ ਦੇ ਕਿਰਾਏ ’ਤੇ ਲਗਪਗ 5,500 ਕਰੋੜ ਖ਼ਰਚੇ ਹਨ।
ਸੂਬੇ ਦੇ ਮਹਾਂਨਗਰ ਲਗਜ਼ਰੀ ਪੈਲੇਸਾਂ ਦੀ ਰਾਜਧਾਨੀ ਲੱਗਦੇ ਹਨ। ਵੱਡੇ ਤੇ ਨਾਮੀ ਮੈਰਿਜ ਪੈਲੇਸਾਂ ਦਾ ਕਾਗ਼ਜ਼ਾਂ ’ਚ ਕਿਰਾਇਆ ਮਾਮੂਲੀ ਹੈ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ’ਚ 1005 ਮੈਰਿਜ ਪੈਲੇਸ ਟੈਕਸ ਤਾਰਦੇ ਹਨ ਜਦੋਂ ਕਿ ਅਸਲ ਗਿਣਤੀ 5,000 ਤੋਂ ਉੱਪਰ ਹੈ। ਕਰ ਵਿਭਾਗ ਵੱਲੋਂ ਦੋ ਮਹੀਨੇ ਪਹਿਲਾਂ ਕੀਤੇ ਸਰਵੇ ਅਨੁਸਾਰ ਹਾਲੇ 741 ਮੈਰਿਜ ਪੈਲੇਸ ਰਜਿਸਟਰਡ ਹੋਣੇ ਬਾਕੀ ਹਨ। ਸਾਲਾਨਾ 20 ਲੱਖ ਤੋਂ ਵੱਧ ਕਾਰੋਬਾਰ ਕਰਨ ਵਾਲਾ ਪੈਲੇਸ ਜੀਐੱਸਟੀ ਲਈ ਰਜਿਸਟਰਡ ਹੋਣਾ ਲਾਜ਼ਮੀ ਹੈ। ਟੈਕਸ ਤਾਰਨ ਵਾਲੇ ਸਭ ਤੋਂ ਵੱਧ ਮੈਰਿਜ ਪੈਲੇਸ ਜ਼ਿਲ੍ਹਾ ਲੁਧਿਆਣਾ ਵਿੱਚ 173 ਹਨ ਜਦੋਂ ਕਿ ਦੂਜੇ ਨੰਬਰ ’ਤੇ ਜਲੰਧਰਜ਼ਿਲ੍ਹੇ ਵਿੱਚ 93 ਅਤੇ ਮੁਹਾਲੀ ਵਿਚ 77 ਮੈਰਿਜ ਪੈਲੇਸ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 72, ਪਟਿਆਲਾ ਵਿਚ 73, ਬਠਿੰਡਾ ’ਚ 69 ਅਤੇ ਮਾਨਸਾ ਵਿਚ 42 ਮੈਰਿਜ ਪੈਲੇਸ ਅਜਿਹੇ ਹਨ ਜੋ ਟੈਕਸ ਭਰ ਰਹੇ ਹਨ। ਪੰਜਾਬ ’ਚ ਕੋਈ ਅਜਿਹੀ ਲਿੰਕ ਸੜਕ ਨਹੀਂ ਹੋਵੇਗੀ ਜਿਸ ਕੰਢੇ ਮੈਰਿਜ ਪੈਲੇਸ ਨਾ ਹੋਵੇ। ਸਾਦੇ ਵਿਆਹ ਹੁਣ ਬੀਤੇ ਦੀ ਗੱਲ ਬਣ ਗਏ ਹਨ। ਸਰਕਾਰੀ ਤੱਥ ਹਨ ਕਿ ਸਾਲ 2017-18 ਤੋਂ ਲੈ ਕੇ ਅਕਤੂਬਰ 2024 ਤੱਕ ਪੰਜਾਬ ਦੇ ਲੋਕਾਂ ਨੇ 5399.70 ਕਰੋੜ ਰੁਪਏ ਮੈਰਿਜ ਪੈਲੇਸਾਂ ਦੇ ਕਿਰਾਏ ਵਜੋਂ ਤਾਰੇ ਹਨ ਜਿਸ ਸਦਕਾ ਸਰਕਾਰੀ ਖ਼ਜ਼ਾਨੇ ਨੂੰ ਵੀ ਲਗਪਗ 230 ਕਰੋੜ ਰੁਪਏ ਦੀ ਆਮਦਨ ਹੋਈ ਹੈ। ਚਾਲੂ ਵਿੱਤੀ ਵਰ੍ਹੇ ਦੇ ਅਪਰੈਲ ਤੋਂ ਅਕਤੂਬਰ ਮਹੀਨੇ ਤੱਕ ਇਹ ਖਰਚਾ 660.34 ਕਰੋੜ ਬਣਦਾ ਹੈ।
ਹਰ ਸਾਲ ਪੈਲੇਸਾਂ ਦਾ ਖ਼ਰਚ ਵਧ ਰਿਹਾ ਹੈ। ਵਰ੍ਹਾ 2017-18 ਵਿੱਚ ਪੰਜਾਬ ਦੇ ਲੋਕਾਂ ਨੇ ਪੈਲੇਸਾਂ ਦੇ ਕਿਰਾਏ ’ਤੇ 285.82 ਕਰੋੜ ਰੁਪਏ ਖ਼ਰਚੇ ਸਨ ਜਦੋਂ ਕਿ ਸਾਲ 2023-24 ਦੌਰਾਨ ਇਹ ਖਰਚਾ ਵਧ ਕੇ 1161.57 ਕਰੋੜ ਰੁਪਏ ਹੋ ਗਿਆ ਹੈ। ਕਰੋਨਾ ਵਾਲੇ ਵਰ੍ਹੇ 2020-21 ਵਿਚ ਪੈਲੇਸਾਂ ਨੇ ਸਿਰਫ਼ 313.94 ਕਰੋੜ ਦਾ ਹੀ ਕਾਰੋਬਾਰ ਕੀਤਾ ਸੀ। ਵੱਡੇ ਸ਼ਹਿਰਾਂ ਵਿੱਚ ਮੈਰਿਜ ਪੈਲੇਸ ਦੇ ਵੱਡ ਅਕਾਰੀ ਟੈਂਟਾਂ ਅਤੇ ਚਮਕ ਦਮਕ ਦੇਖ ਕੇ ਹੁਣ ਵਿਦੇਸ਼ੀ ਝਾਉਲਾ ਪੈਂਦਾ ਹੈ। ਇਨ੍ਹਾਂ ਪੈਲੇਸਾਂ ਦੇ ਗਾਹਕ ਵੀਆਈਪੀ ਲੋਕ ਜਾਂ ਅਮੀਰ ਲੋਕ ਹੀ ਬਣਦੇ ਹਨ।
ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਚਾਦਰ ਦੇਖੇ ਬਿਨਾਂ ਪੈਰ ਪਸਾਰਨੇ ਸ਼ੁਰੂ ਕੀਤੇ ਹਨ, ਉਦੋਂ ਤੋਂ ਸੂਬੇ ਵਿਚਲੇ ਵਿਆਹਾਂ ’ਤੇ ਸ਼ਾਹੀ ਰੰਗ ਚੜ੍ਹਨਾ ਸ਼ੁਰੂ ਹੋਇਆ ਹੈ। ਸੂਬੇ ਦੇ ਵੱਡੇ ਸ਼ਹਿਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ ਤੇ ਪਟਿਆਲਾ ਵਿਚ ਕਈ ਲਗਜ਼ਰੀ ਮੈਰਿਜ ਪੈਲੇਸਾਂ ਦਾ ਕਿਰਾਇਆ 25 ਲੱਖ ਤੋਂ ਉਪਰ ਵੀ ਹੈ ਪਰ ਉਨ੍ਹਾਂ ਵੱਲੋਂ ਟੈਕਸ ਹੱਥ ਘੁੱਟ ਕੇ ਦਿੱਤਾ ਜਾਂਦਾ ਹੈ। ਇੱਕ ਲੱਖ ਰੁਪਏ ਤੋਂ ਘੱਟ ਕਿਰਾਏ ਵਾਲੇ ਮੈਰਿਜ ਪੈਲੇਸ ਤਾਂ ਪੇਂਡੂ ਖੇਤਰ ’ਚ ਵੀ ਘੱਟ ਹੀ ਹੋਣਗੇ। ਪੈਲੇਸਾਂ ਦੇ ਕਿਰਾਏ ’ਤੇ 18 ਫ਼ੀਸਦੀ ਜੀਐੱਸਟੀ ਹੈ ਜਦ ਕਿ ਕੇਟਰਿੰਗ ’ਤੇ 5 ਫ਼ੀਸਦੀ ਟੈਕਸ ਹੈ। ਲੁਧਿਆਣਾ ਦੀ ਇਸ ਮਾਮਲੇ ’ਚ ਝੰਡੀ ਹੈ ਜਿੱਥੇ ਸਾਲ 2023-24 ’ਚ ਮੈਰਿਜ ਪੈਲੇਸਾਂ ਨੇ 245.36 ਕਰੋੜ ਰੁਪਏ ਦਾ ਕਿਰਾਇਆ ਵਸੂਲਿਆ ਹੈ ਅਤੇ ਜਲੰਧਰ ਜ਼ਿਲ੍ਹੇ ਦੇ ਪੈਲੇਸਾਂ ਨੇ ਇੱਕੋ ਵਰ੍ਹੇ ’ਚ 233.57 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਕਪੂਰਥਲਾ ’ਚ ਸਿਰਫ਼ 36 ਪੈਲੇਸ ਰਜਿਸਟਰਡ ਹਨ ਜਿਨ੍ਹਾਂ ਨੇ ਇੱਕ ਸਾਲ ’ਚ 147.94 ਕਰੋੜ ਦਾ ਕਿਰਾਇਆ ਵਸੂਲਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪੈਲੇਸਾਂ ਨੇ 64.71 ਕਰੋੜ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ 106 ਕਰੋੜ ਦਾ ਕਾਰੋਬਾਰ ਕੀਤਾ ਹੈ। ਮੁਹਾਲੀ ’ਚ ਇਹੋ ਕਾਰੋਬਾਰ 143 ਕਰੋੜ ਦਾ ਹੋਇਆ ਹੈ। ਮੋਗਾ ਜ਼ਿਲ੍ਹੇ ਵਿਚ 48 ਪੈਲੇਸ ਹਨ ਜਿਨ੍ਹਾਂ ’ਚੋਂ ਵੱਡੇ ਪੈਲੇਸਾਂ ’ਚ ਪਰਵਾਸੀ ਪੰਜਾਬੀਆਂ ਦੀ ਬੁਕਿੰਗ ਜ਼ਿਆਦਾ ਹੁੰਦੀ ਹੈ। ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਪੈਲੇਸ ਸਨਅਤ ਪਿਛਲੇ ਸਮੇਂ ਦੌਰਾਨ ਕਾਫ਼ੀ ਵਧੀ ਫੁੱਲੀ ਹੈ, ਜਿਸ ਦੇ ਨਿਵੇਸ਼ ਵਜੋਂ ਟੈਕਸਾਂ ਦੇ ਰੂਪ ’ਚ ਸਰਕਾਰੀ ਖ਼ਜ਼ਾਨੇ ਨੂੰ ਫ਼ਾਇਦਾ ਹੋਇਆ ਹੈ ਤੇ ਰੁਜ਼ਗਾਰ ਦੇ ਵਸੀਲੇ ਵੀ ਬਣੇ ਹਨ।
ਪੈਲੇਸਾਂ ਬਾਰੇ ਗ਼ਲਤ ਧਾਰਨਾ ਰੱਖਣੀ ਸਹੀ ਨਹੀਂ : ਐਸੋਸੀਏਸ਼ਨ
ਪੰਜਾਬ ਮੈਰਿਜ ਪੈਲੇਸ/ਰਿਜ਼ੌਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਆਖਦੇ ਹਨ ਕਿ ਪੈਲੇਸ ਆਮ ਲੋਕਾਂ ਨੂੰ ਇੱਕੋ ਥਾਂ ’ਤੇ ਸਭ ਸਹੂਲਤਾਂ ਮੁਹੱਈਆ ਕਰਾਉਂਦੇ ਹਨ ਅਤੇ ਖ਼ੁਦ ਕੀਤੇ ਵਿਆਹ ਦੇ ਪ੍ਰਬੰਧਾਂ ਨਾਲੋਂ ਸਸਤੇ ਪੈਂਦੇ ਹਨ। ਚੰਦ ਕੁ ਵੱਡੇ ਪੈਲੇਸਾਂ ਤੋਂ ਗ਼ਲਤ ਧਾਰਨਾ ਬਣਾਉਣੀ ਠੀਕ ਨਹੀਂ। ਉਨ੍ਹਾਂ ਸਲਾਹ ਦਿੱਤੀ ਕਿ ਸਰਕਾਰ ਪੈਲੇਸ ਦੇ ਕਿਰਾਏ ’ਤੇ ਟੈਕਸ 18 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰੇ ਜਿਸ ਨਾਲ ਖ਼ਜ਼ਾਨੇ ਨੂੰ ਵੱਧ ਟੈਕਸ ਮਿਲੇਗਾ। ਉਨ੍ਹਾਂ ਦੱਸਿਆ ਕਿ ਬਹੁਤੇ ਪੈਲੇਸ ਸ਼ਹਿਰਾਂ ਤੇ ਮੰਡੀਆਂ ਦੇ ਆਸ ਪਾਸ ਹੀ ਹਨ ਜਦਕਿ ਤਿੰਨ ਹਜ਼ਾਰ ਦੇ ਕਰੀਬ ਪੈਲੇਸ ਅਣ-ਅਧਿਕਾਰਤ ਵੀ ਬਣੇ ਹੋਏ ਹਨ।
ਦਿਖਾਵੇ ਦੀ ਪ੍ਰਵਿਰਤੀ ਭਾਰੂ ਹੋਈ: ਰਵੀ ਰਵਿੰਦਰ
ਦਿੱਲੀ ਯੂਨੀਵਰਸਿਟੀ ਦੇ ਡੀਨ (ਸੱਭਿਆਚਾਰਕ ਮਾਮਲੇ) ਡਾ. ਰਵੀ ਰਵਿੰਦਰ (ਮੁੱਲਾਂਪੁਰ) ਦਾ ਕਹਿਣਾ ਸੀ ਕਿ ਪੰਜਾਬੀ ਬੰਦਾ ਆਪਣਾ ਜਲਵਾ ਦਿਖਾਉਣ ਦੀ ਤਾਂਘ ’ਚ ਰਹਿੰਦਾ ਹੈ ਅਤੇ ਦਿਖਾਵੇ ਵਾਲੀ ਪ੍ਰਵਿਰਤੀ ਨੇ ਬੇਲੋੜੇ ਖ਼ਰਚਿਆਂ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸ਼ਾਹੀ ਕਲਚਰ ਨੇ ਸਾਦਗੀ ਤੇ ਅਪਣੱਤ ਨੂੰ ਵੀ ਮਧੋਲ ਦਿੱਤਾ ਹੈ ਤੇ ਵਿਆਹ ਮਹਿਜ਼ ਇੱਕ ਰਸਮ ਬਣ ਕੇ ਰਹਿ ਗਏ ਹਨ। ਡੀਜੇ ਕਲਚਰ ਨੇ ਵਿਆਹਾਂ ’ਚ ਆਪਸੀ ਸੰਵਾਦ ਦੇ ਰਾਹ ਵੀ ਰੋਕ ਲਏ ਹਨ।