For the best experience, open
https://m.punjabitribuneonline.com
on your mobile browser.
Advertisement

ਪਹਿਲਵਾਨ 15 ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

09:42 PM Jun 23, 2023 IST
ਪਹਿਲਵਾਨ 15 ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ
Advertisement

ਨਵੀਂ ਦਿੱਲੀ, 7 ਜੂਨ

Advertisement

ਮੁੱਖ ਅੰਸ਼

Advertisement

  • ਬ੍ਰਿਜ ਭੂਸ਼ਣ ਖ਼ਿਲਾਫ਼ 15 ਜੂਨ ਤੱਕ ਚਾਰਜਸ਼ੀਟ ਹੋਵੇਗੀ ਦਾਖ਼ਲ
  • ਪਹਿਲਵਾਨਾਂ ਖ਼ਿਲਾਫ਼ 28 ਮਈ ਨੂੰ ਦਰਜ ਕੇਸ ਵਾਪਸ ਲਏ ਜਾਣਗੇ
  • ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਚੋਣ ਅਮਲ 30 ਤੱਕ ਮੁਕੰਮਲ ਕੀਤੇ ਜਾਣ ਦਾ ਭਰੋਸਾ

ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਮਗਰੋਂ ਜਿਨਸੀ ਸੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿੱਢਿਆ ਸੰਘਰਸ਼ 15 ਜੂਨ ਤੱਕ ਮੁਲਤਵੀ ਕਰਨ ਲਈ ਸਹਿਮਤ ਹੋ ਗ ਹਨ। ਸਰਕਾਰ ਨੇ ਪਹਿਲਵਾਨਾਂ ਨੂੰ ਯਕੀਨ ਦਿਵਾਇਆ ਕਿ ਦਿੱਲੀ ਪੁਲੀਸ ਸਿੰਘ ਖਿਲਾਫ਼ ਵਿੱਢੀ ਜਾਂਚ 15 ਜੂਨ ਤੱਕ ਮੁਕੰਮਲ ਕਰ ਲਏਗੀ ਤੇ ਉਦੋਂ ਤੱਕ ਉਡੀਕ ਕੀਤੀ ਜਾਵੇ। ਪਹਿਲਵਾਨਾਂ ਨੇ ਖੇਡ ਮੰਤਰੀ ਨਾਲ ਪੰਜ ਘੰਟੇ ਦੇ ਕਰੀਬ ਚੱਲੀ ਬੈਠਕ ਮਗਰੋਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਖਿਲਾਫ਼ ਦਰਜ ਕੇਸ ਵਾਪਸ ਲੈਣ ਦਾ ਵੀ ਭਰੋਸਾ ਦਿੱਤਾ ਹੈ। ਚੇਤੇ ਰਹੇ ਕਿ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ ਸੀ। ਮਹਿਲਾ ਪਹਿਲਵਾਨਾਂ ਸਣੇ ਹੋਰਨਾਂ ਨੂੰ ਹਿਰਾਸਤ ‘ਚ ਲੈਣ ਮਗਰੋਂ ਭਾਵੇਂ ਛੱਡ ਦਿੱਤਾ ਗਿਆ, ਪਰ ਦਿੱਲੀ ਪੁਲੀਸ ਨੇ ਪਹਿਲਵਾਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਦੇ ਘਰ ਤੋਂ ਰਵਾਨਾ ਹੁੰਦੀ ਹੋਈ ਪਹਿਲਵਾਨ ਸਾਕਸ਼ੀ ਮਲਿਕ

ਖੇਡ ਮੰਤਰੀ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਉਸ ਦਾ ਪਤੀ ਸੱਤਿਆਵਰਤ ਕਾਦਿਆਨ ਤੇ ਜੀਤੇਂਦਰ ਕਿਨਹਾ ਸ਼ਾਮਲ ਸਨ। ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਤਗ਼ਮੇ ਜਿੱਤਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਗੈਰਹਾਜ਼ਰ ਰਹੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ । -ਫੋਟੋ: ਪੀਟੀਆਈ

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੈਠਕ ਉਪਰੰਤ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਦਾ ਅਮਲ 30 ਜੂਨ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਹੁਦਾ ਛੱਡਰਹੇ ਡਬਲਿਊਐੱਫਆਈ ਮੁਖੀ ਬ੍ਰਿਜ ਭੂਸ਼ਣ ਖਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਵਿਚ ਚਾਰਜਸ਼ੀਟ 15 ਜੂਨ ਤੱਕ ਦਾਖਲ ਕੀਤੀ ਜਾਵੇਗੀ। ਠਾਕੁਰ ਨੇ ਸਰਕਾਰ ਵੱਲੋਂ ਪਹਿਲਵਾਨਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦੇ ਹਵਾਲੇ ਨਾਲ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਇਕ ਮਹਿਲਾ ਦੀ ਅਗਵਾਈ ਵਿੱਚ ਅੰਦਰੂਨੀ ਸ਼ਿਕਾਇਤ ਕਮੇਟੀ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੇ ਵੱਖ ਵੱਖ ਅਕਾਦਮੀਸ਼ਨਾਂ ਤੇ ਖਿਡਾਰੀਆਂ ਖਿਲਾਫ਼ ਦਰਜ ਕੇਸ ਵਾਪਸ ਲੈਣ ਅਤੇ ਸਿੰਘ ਤੇ ਉਸ ਦੇ ਸਹਾਇਕਾਂ ਨੂੰ ਚੋਣ ਅਮਲ ਤੋਂ ਦੂਰ ਰੱਖਣ ਦੀ ਮੰਗ ਕੀਤੀ ਸੀ। ਖੇਡ ਮੰਤਰੀ ਨੇ ਕਿਹਾ, ”ਇਨ੍ਹਾਂ ਸਾਰੇ ਮਸਲਿਆਂ ‘ਤੇ ਸਰਬਸੰਮਤੀ ਨਾਲ ਸਹਿਮਤੀ ਬਣ ਗਈ ਹੈ।” ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਬਾਰੇ ਪੁੱਛਣ ‘ਤੇ ਠਾਕੁਰ ਨੇ ਕਿਹਾ ਕਿ ਕੇਸ ਦੀ ਜਾਂਚ ਜਲਦੀ ਪੂਰੀ ਹੋ ਜਾਵੇਗੀ ਤੇ 15 ਜੂਨ ਤਕ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਪਹਿਲਵਾਨਾਂ ਤੇ ਸਰਕਾਰ ਵਿਚਾਲੇ ਪਿਛਲੇ ਪੰਜ ਦਿਨਾਂ ‘ਚ ਇਹ ਦੂਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਸ਼ਨਿੱਚਰਵਾਰ ਰਾਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਸੀ। ਇਸ ਦੌਰਾਨ ਦਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਮਹਾਵੀਰ ਸਿੰਘ ਫੋਗਾਟ ਨੇ ਕੇਂਦਰ ਸਰਕਾਰ ਵੱਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਸੰਵਾਦ ਦਾ ਰਾਹ ਖੋਲ੍ਹਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਸ ਮਸਲੇ ਦਾ ਨਿਰਪੱਖ ਹੱਲ ਨਿਕਲੇ। -ਪੀਟੀਆਈ

ਬ੍ਰਿਜ ਭੂਸ਼ਣ ਖਿਲਾਫ਼ ਜਾਂਚ ਸ਼ੁਰੂ ਹੋਣਾ ਤਸੱਲੀ ਦਾ ਵਿਸ਼ਾ: ਪਵਾਰ

ਔਰੰਗਾਬਾਦ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਜਿਨਸੀ ਸ਼ੋੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਜਾਂਚ ਆਰੰਭ ਹੋਣਾ ਤਸੱਲੀ ਵਾਲੀ ਗੱਲ ਹੈ। ਪਵਾਰ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਪਹਿਲਵਾਨ ਚਾਹੁੰਦੇ ਹਨ ਕਿ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਦੋਂਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਜਾਂਚ ਤੇ ਫਿਰ ਕੋਈ ਫੈਸਲਾ ਲਏਗੀ। ਉਨ੍ਹਾਂ ਕਿਹਾ, ”ਜਾਂਚ ਸ਼ੁਰੂ ਹੋ ਗਈ ਇਹ ਤਸੱਲੀ ਦਾ ਵਿਸ਼ਾ ਹੈ।” -ਪੀਟੀਆਈ

ਬ੍ਰਿਜ ਭੂਸ਼ਣ ਨੂੰ ਬਚਾਉਣ ਦੀ ਸਰਕਾਰ ਨੂੰ ਵੱਡੀ ਕੀਮਤ ਤਾਰਨੀ ਪਵੇਗੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਸਰਕਾਰ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਦੀ ‘ਆਵਾਜ਼ ਦਬਾਉਣ’ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਰਟੀ ਦੇ ਤਰਜਮਾਨ ਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਪੂਰਾ ਦੇਸ਼ ਵੇਖ ਰਿਹਾ ਹੈ ਤੇ ਭਾਜਪਾ ਐੱਮਪੀ ਨੂੰ ‘ਬਚਾਉਣ’ ਲਈ ਸਰਕਾਰ ਨੂੰ ਵੱਡੀ ਕੀਮਤ ਤਾਰਨੀ ਪਵੇਗੀ। ਹੁੱਡਾ ਨੇ ਕਿਹਾ, ”ਕਾਂਗਰਸ ਪਾਰਟੀ ਇਸ ਲੜਾਈ ਵਿੱਚ ਆਪਣੀਆਂ ਧੀਆਂ ਨਾਲ ਖੜ੍ਹੀ ਹੈ ਤੇ ਇਨਸਾਫ਼ ਮਿਲਣ ਤੱਕ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ।” -ਪੀਟੀਆਈ

‘ਸਾਡਾ ਸੱਤਿਆਗ੍ਰਹਿ ਅਜੇ ਖ਼ਤਮ ਨਹੀਂ ਹੋਇਆ’

ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਮੀਿਟੰਗ ਮਗਰੋਂ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਸੱਤਿਆਗ੍ਰਹਿ ਅਜੇ ਖ਼ਤਮ ਨਹੀਂ ਹੋਇਆ ਤੇ ਉਨ੍ਹਾਂ ਸਰਕਾਰ ਦੀ ਅਪੀਲ ‘ਤੇ 15 ਜੂਨ ਤੱਕ ਆਪਣਾ ਸੰਘਰਸ਼ ਮੁਲਤਵੀ ਕੀਤਾ ਹੈ।” ਸਾਕਸ਼ੀ ਮਲਿਕ ਨੇ ਕਿਹਾ, ”ਸਾਨੂੰ ਦੱਸਿਆ ਗਿਆ ਹੈ ਕਿ ਪੁਲੀਸ ਦੀ ਤਫ਼ਤੀਸ਼ 15 ਜੂਨ ਤੱਕ ਮੁਕੰਮਲ ਹੋ ਜਾਵੇਗੀ। ਉਦੋਂ ਤੱਕ ਸਾਨੂੰ ਉਡੀਕ ਕਰਨ ਤੇ ਸੰਘਰਸ਼ ਮੁਲਤਵੀ ਕਰਨ ਲਈ ਕਿਹਾ ਗਿਆ ਹੈ।” ਮਲਿਕ ਨੇ ਕਿਹਾ, ”ਦਿੱਲੀ ਪੁਲੀਸ ਪਹਿਲਵਾਨਾਂ ਖਿਲਾਫ਼ 28 ਮਈ ਨੂੰ ਦਰਜ ਐੱਫਆਈਆਰ ਵੀ ਵਾਪਸ ਲਏਗੀ।”

ਖਾਪਾਂ ਵੱਲੋਂ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਚੰਡੀਗੜ੍ਹ: ਹਰਿਆਣਾ ਦੇ ਬਲਾਲੀ ਪਿੰਡ ਵਿੱਚ ਹੋਈ ਖਾਪ ਮਹਾਪੰਚਾਇਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਚਰਖੀ ਦਾਦਰੀ ਜ਼ਿਲ੍ਹੇ ਵਿੱਚ ਪੈਂਦਾ ਬਲਾਲੀ ਪਹਿਲਵਾਨ ਵਿਨੇਸ਼ ਤੇ ਸੰਗੀਤਾ ਫੋਗਾਟ ਦਾ ਜੱਦੀ ਪਿੰਡ ਹੈ। ‘ਸਰਵ ਸਮਾਜ ਖਾਪ ਮਹਾਪੰਚਾਇਤ’ ਵਿੱਚ ਸ਼ਾਮਲ ਵੱਖ ਵੱਖ ਖਾਪਾਂ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਸੁਝਾਅ ਮਗਰੋਂ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਕਮੇਟੀ ਨੇ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ, ਸਿਆਸਤਦਾਨਾਂ ਨੂੰ ਖੇਡ ਫੈਡਰੇਸ਼ਨਾਂ ‘ਚੋਂ ਬਾਹਰ ਕੱਢਣ ਤੇ ਸਾਰੀਆਂ ਖਾਪਾਂ ਨੂੰ ਪਹਿਲਵਾਨਾਂ ਦੀ ਹਮਾਇਤ ‘ਚ ਨਿੱਤਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਪੰਜ ਘੰਟੇ ਦੇ ਕਰੀਬ ਚੱਲੀ ਮਹਾਪੰਚਾਇਤ ਵਿਚ ਹਰਿਆਣਾ ਸਰਕਾਰ ‘ਚ ਮੰਤਰੀ ਤੇ ਭਾਜਪਾ ਆਗੂ ਸੰਦੀਪ ਸਿੰਘ, ਜਿਸ ਖਿਲਾਫ਼ ਮਹਿਲਾ ਕੋਚ ਦੇ ਕਥਿਤ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਹੈ, ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ।

Advertisement
Advertisement