ਗਿਆਨਵਾਪੀ ਮਸਜਿਦ ਦੇ ਵਿਆਸ ਤਹਿਖਾਨੇ ’ਚ ਪੂਜਾ ਜਾਰੀ ਰਹੇਗੀ
ਪ੍ਰਯਾਗਰਾਜ: ਅਲਾਹਾਬਾਦ ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਖਾਰਜ ਕਰਦਿਆਂ ਕਿਹਾ ਹੈ ਕਿ ਵਾਰਾਨਸੀ ’ਚ ਗਿਆਨਵਾਪੀ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਪੂਜਾ ਜਾਰੀ ਰਹੇਗੀ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਮਸਜਿਦ ਪ੍ਰਬੰਧਕ ਕਮੇਟੀ ਵੱਲੋਂ ਵਾਰਾਨਸੀ ਜ਼ਿਲ੍ਹਾ ਜੱਜ ਦੇ 17 ਜਨਵਰੀ ਨੂੰ ਦਿੱਤੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਦੋ ਅਰਜ਼ੀਆਂ ਰੱਦ ਕਰ ਦਿੱਤੀਆਂ ਜਿਸ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਵਿਆਸ ਤਹਿਖਾਨੇ ਦਾ ਰਿਸੀਵਰ ਨਿਯੁਕਤ ਕਰਦਿਆਂ ਉਥੇ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਲਗਦੀ ਮਸਜਿਦ ਦੇ ਵਿਆਸ ਤਹਿਖਾਨੇ ’ਚ ਪੂਜਾ ਜਾਰੀ ਰਹੇਗੀ। ਅੰਜੂਮਨ ਇੰਤਜ਼ਾਮੀਆ ਮਸਜਿਦ ਦੇ ਸੰਯੁਕਤ ਸਕੱਤਰ ਮੁਹੰਮਦ ਯਾਸਿਨ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਫ਼ੈਸਲੇ ਦਾ ਅਧਿਐਨ ਕਰ ਰਹੇ ਹਨ ਅਤੇ ਉਹ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਕੋਲ ਪਹੁੰਚ ਕਰ ਸਕਦੇ ਹਨ। ਅਪੀਲਾਂ ਖਾਰਜ ਕਰਦਿਆਂ ਜਸਟਿਸ ਅਗਰਵਾਲ ਨੇ ਕਿਹਾ,‘‘ਕੇਸ ਦੇ ਸਾਰੇ ਰਿਕਾਰਡ ਦੇਖਣ ਅਤੇ ਸਬੰਧਤ ਧਿਰਾਂ ਦੀਆਂ ਦਲੀਲਾਂ ਵਿਚਾਰਨ ਮਗਰੋਂ ਅਦਾਲਤ ਨੂੰ ਜ਼ਿਲ੍ਹਾ ਜੱਜ ਵੱਲੋਂ 17 ਜਨਵਰੀ ਨੂੰ ਸੁਣਾਏ ਗਏ ਫ਼ੈਸਲੇ ’ਚ ਦਖ਼ਲ ਦੇਣ ਦਾ ਕੋਈ ਆਧਾਰ ਨਹੀਂ ਮਿਲਿਆ।’’ ਮੁਸਲਿਮ ਧਿਰ ਦੀ ਇਸ ਦਲੀਲ ਕਿ ਬਿਨਾਂ ਅਰਜ਼ੀ ਦੇ 31 ਜਨਵਰੀ ਨੂੰ ਹੁਕਮ ਜਾਰੀ ਕੀਤਾ ਗਿਆ, ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ 17 ਜਨਵਰੀ ਨੂੰ ਪਾਸ ਹੁਕਮਾਂ ’ਚ ਜੋ ਅਰਜ਼ੀ ਮਨਜ਼ੂਰ ਕੀਤੀ ਗਈ, ਉਸ ’ਚ ਬੇਨਤੀ ਕੀਤੀ ਗਈ ਸੀ ਪਰ ਰਿਸੀਵਰ ਨਿਯੁਕਤ ਕਰਨ ਦੀ ਰਾਹਤ ਦਿੱਤੀ ਗਈ ਅਤੇ ਅਦਾਲਤ ਦੇ ਨੋਟਿਸ ਵਿੱਚ ਲਿਆਂਦੇ ਜਾਣ ਮਗਰੋਂ 31 ਜਨਵਰੀ ਨੂੰ ਹੁਕਮ ’ਚ ਪੂਜਾ ਦੀ ਇਜਾਜ਼ਤ ਜੋੜੀ ਗਈ ਅਤੇ ਹੁਕਮ ਸੀਪੀਸੀ ਦੀ ਧਾਰਾ 151/152 ਦੇ ਸੰਦਰਭ ’ਚ ਸੋਧਿਆ ਗਿਆ। ਅਦਾਲਤ ਨੇ ਜ਼ਿਲ੍ਹਾ ਮੈਜਿਸਟੇਰਟ ਦਫ਼ਤਰ ਅਤੇ ਰਿਸੀਵਰ ਦੀ ਨਿਯੁਕਤੀ ਵਿਚਾਲੇ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਮਸਜਿਦ ਕਮੇਟੀ ਵੱਲੋਂ ਦਿੱਤੀ ਗਈ ਦਲੀਲ ਵੀ ਖਾਰਜ ਕਰ ਦਿੱਤੀ। -ਪੀਟੀਆਈ