For the best experience, open
https://m.punjabitribuneonline.com
on your mobile browser.
Advertisement

ਸੱਤਾਵਾਦ ਤੇ ਨਾਗਰਿਕ ਸੱਤਾ ਦੀ ਦੁਨੀਆ

07:12 AM Nov 07, 2023 IST
ਸੱਤਾਵਾਦ ਤੇ ਨਾਗਰਿਕ ਸੱਤਾ ਦੀ ਦੁਨੀਆ
Advertisement

ਨੀਰਾ ਚੰਡੋਕ

ਲੰਘੀ 24 ਅਕਤੂਬਰ ਨੂੰ ਦਸਹਿਰੇ ਮੌਕੇ ਰਾਮਲੀਲ੍ਹਾ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦਿੰਦਿਆਂ ਆਖਿਆ ਕਿ ਜਾਤੀਵਾਦ ਅਤੇ ਖੇਤਰਵਾਦ ‘ਮਾਂ ਭਾਰਤੀ’ ਲਈ ਖ਼ਤਰਾ ਬਣ ਰਹੇ ਹਨ ਅਤੇ ਉਨ੍ਹਾਂ ਇਨ੍ਹਾਂ ਨੂੰ ਜੜ੍ਹੋਂ ਉਖਾੜਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਨਾਗਪੁਰ ਵਿੱਚ ‘ਵਜਿੈਦਸ਼ਮੀ ਸਮਾਗਮ’ ਨੂੰ ਸੰਬੋਧਨ ਕਰਦਿਆਂ ਮੀਡੀਆ ਅਤੇ ਯੂਨੀਵਰਸਿਟੀਆਂ ਨੂੰ ਕੰਟਰੋਲ ਕਰਨ ਵਾਲੇ ‘ਸੱਭਿਆਚਾਰਕ ਮਾਰਕਸਵਾਦ’ ਅਤੇ ‘ਜਾਗ੍ਰਤਿੀ’ ਉੱਪਰ ਹਮਲਾ ਕੀਤਾ। ਉਨ੍ਹਾਂ ਆਖਿਆ ਕਿ ਇਹ ਖੁਦਗਰਜ਼ੀ, ਵਤਿਕਰੇ ਅਤੇ ਧੋਖੇਬਾਜ਼ੀ ਦੀਆਂ ਤਾਕਤਾਂ ਹਨ; ਇਹ ਦੁਨੀਆ ਵਿੱਚ ਸਮਾਜਿਕ ਇਕਸੁਰਤਾ, ਵਿਵਸਥਾ, ਨੈਤਿਕਤਾ, ਕਲਿਆਣ, ਸੱਭਿਆਚਾਰ, ਗੌਰਵ ਅਤੇ ਸੰਜਮ ਵਿੱਚ ਖਲਲ ਪਾਉਂਦੀਆਂ ਹਨ; ਇਹ ਸਿੱਖਿਆ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਵਾਤਾਵਰਨ ਵਿੱਚ ਅਫ਼ਰਾ-ਤਫ਼ਰੀ, ਭਰਮ ਅਤੇ ਭ੍ਰਿਸ਼ਟਾਚਾਰ ਫੈਲਾਉਂਦੀਆਂ ਹਨ।
ਇਨ੍ਹਾਂ ਦੋਵੇਂ ਮੁਖ਼ਾਤਬਾਂ ਦੀ ਪਟਕਥਾ ਇੱਕੋ ਹੈ। ਇਹ ਹਰ ਬਦਲਵੇਂ ਨਜ਼ਰੀਏ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਇੰਝ ਸਿਰਫ਼ ਇੱਕ ਵਿਚਾਰਧਾਰਾ, ਇੱਕ ਤਰ੍ਹਾਂ ਦੀ ਰਾਜਨੀਤੀ ਅਤੇ ਇੱਕ ਵਿਸ਼ਵ ਦ੍ਰਿਸ਼ਟੀ ਲਈ ਜਗ੍ਹਾ ਕਾਇਮ ਕਰਨਾ ਚਾਹੁੰਦੀ ਹੈ ਜੋ ਚੁਣੌਤੀ ਨੂੰ ਬਰਦਾਸ਼ਤ ਨਹੀਂ ਕਰਦੀ। ਸਤਿਮਜ਼ਰੀਫ਼ੀ ਇਹ ਹੈ ਕਿ ਯੂਨਾਨੀ ਦਾਰਸ਼ਨਿਕ ਪਲੈਟੋ ਤੋਂ ਲੈ ਕੇ ਸਰ ਥਾਮਸ ਮੋਰ, ਯੂਟੋਪੀਆਈ (ਆਦਰਸ਼ ਸਮਾਜ) ਸਮਾਜ ਸ਼ਾਸਤਰੀ ਰਾਬਰਟ ਓਵਨ ਤੋਂ ਲੈ ਕੇ ਸੇਂਟ ਸਾਇਮਨ ਤੱਕ ਇੱਕ ਬਿਹਤਰ ਦੁਨੀਆ ਦਾ ਵਿਚਾਰ ਰੱਖਣ ਵਾਲੇ ਚਿੰਤਕ ਰਾਜਨੀਤੀ ਦੇ ਆਲੋਚਕ ਰਹੇ ਹਨ। ਉਹ ਖੇਮੇਬੰਦੀ, ਅਸਥਿਰਤਾ ਅਤੇ ਹੰਗਾਮੀ ਉਪਰਾਲਿਆਂ ਨੂੰ ਨਿੰਦਦੇ ਹਨ। ਕਾਰਲ ਮਾਰਕਸ ਦੇ ‘ਸਮਾਜਵਾਦੀ ਸਮਾਜ’ ਅਤੇ ਮਹਾਤਮਾ ਗਾਂਧੀ ਦੇ ‘ਸਵਰਾਜ’ ਦੀ ਧਾਰਨਾ ਵੀ ਯੂਟੋਪੀਆ ਮੰਨੇ ਜਾਂਦੇ ਹਨ। ਇੱਕ ਸੱਤਾਵਾਦੀ ਪ੍ਰਾਜੈਕਟ ਅਤੇ ਯੂਟੋਪੀਆ ਵਿਚਕਾਰ ਮਨਸ਼ਾ ਦਾ ਅੰਤਰ ਹੁੰਦਾ ਹੈ। ਸੱਤਾਵਾਦ ਅਸੀਮਤ ਸ਼ਕਤੀ ਚਾਹੁੰਦਾ ਹੈ ਜਦਕਿ ਯੂਟੋਪੀਆ ਇੱਕ ਅਜਿਹਾ ਆਦਰਸ਼ ਸਮਾਜ ਕਾਇਮ ਕਰਨਾ ਚਾਹੁੰਦਾ ਹੈ ਜਿੱਥੇ ਇਨਸਾਨ ਆਪਣੀ ਸੰਪੂਰਨ ਜ਼ਿੰਦਗੀ ਜਿਊਂ ਸਕੇ।
ਸੰਨ 1516 ਵਿੱਚ ਸਰ ਥਾਮਸ ਮੋਰ ਨੇ 16ਵੀਂ ਸਦੀ ਦੇ ਇੰਗਲੈਂਡ ਵਿੱਚ ਹੈਨਰੀ ਅੱਠਵੇਂ ਦੇ ਰਾਜ ਕਾਲ ਦੌਰਾਨ ਪਹਿਲਾਂ ਅਦਾਲਤ ਅਤੇ ਫਿਰ ਜੇਲ੍ਹ ਵਿੱਚ ਆਪਣੇ ਸਮੇਂ ਦੇ ਸਮਾਜ ਦੇ ਮੁਕਾਬਲੇ ਇੱਕ ਬਿਹਤਰ ਸਮਾਜ ਨੂੰ ਦਰਸਾਉਣ ਲਈ ‘ਯੂਟੋਪੀਆ’ ਸ਼ਬਦ ਈਜਾਦ ਕੀਤਾ ਸੀ। ਉਨ੍ਹਾਂ ਦਾ ਕਾਰਜ ਮਨੁੱਖੀ ਜੀਵਨ ਦੀ ਸਰਬੋਤਮ ਵਿਵਸਥਾ ਦੇ ਨਿਰਮਾਣ ਲਈ ਕਲਾਸੀਕਲ ਰਾਜਨੀਤਕ ਵਿਚਾਰ ਦੇ ਸਰੋਕਾਰਾਂ ਦੀ ਝਲਕ ਦਿਖਾਉਂਦਾ ਹੈ। ਗ੍ਰਾਮ ਸਵਰਾਜ ਲਈ ਗਾਂਧੀ ਦੀ ਤਲਾਸ਼ ਪਦਾਰਥਕ ਤੇ ਜਿਸਮਾਨੀ ਬਿਹਤਰੀ ’ਤੇ ਕੇਂਦਰਤ ਪੱਛਮੀ ਸਨਅਤੀ ਸਭਿਅਤਾ ਦੀ ਤਿੱਖੀ ਆਲੋਚਨਾ ਤੋਂ ਪ੍ਰੇਰਤਿ ਸੀ। ਸਨਅਤੀ ਸੱਭਿਅਤਾ ਆਤਮ ਗਿਆਨ ਅਤੇ ਇਵੇਂ ਆਤਮ ਸ਼ਾਸਨ ਜਾਂ ਸਵਰਾਜ ਤੋਂ ਮੁਨਕਰ ਹੁੰਦੀ ਹੈ।
ਸੱਤਾਵਾਦੀ ਅਜਿਹਾ ਸਮਾਜ ਨਹੀਂ ਸਿਰਜਣਾ ਚਾਹੁੰਦੇ ਜਿੱਥੇ ਵਿਅਕਤੀ ਚੰਗਾ ਜੀਵਨ ਬਤਿਾ ਸਕਦੇ ਹਨ। ਉਹ ਆਪਣੇ ਪਿੱਛੇ ਜਿਹੋ ਜਿਹਾ ਸਮਾਜ ਛੱਡ ਕੇ ਜਾਂਦੇ ਹਨ ਉਹ ਅਨਿਆਂਕਾਰੀ ਅਤੇ ਨੀਰਸ ਸਮਾਜ ਹੁੰਦਾ ਹੈ। ਉਹ ਸਿਰਫ਼ ਇਹੋ ਜਿਹਾ ਸਮਾਜ ਚਾਹੁੰਦੇ ਹਨ ਜਿੱਥੇ ਵਿਰੋਧੀ ਦ੍ਰਿਸ਼ਟੀਕੋਣਾਂ ਸਦਕਾ ਲੋਕ ਆਪਣੀ ਮੌਜੂਦਾ ਦੁਨੀਆ ਦੇ ਮੁਕਾਬਲੇ ਕਿਸੇ ਬਿਹਤਰ ਦੁਨੀਆ ਸਿਰਜਣ ਦਾ ਸੁਪਨਾ ਨਾ ਦੇਖਣ ਲੱਗ ਪੈਣ। ਕਲਪਨਾ ਨੂੰ ਦਬਾਉਣਾ ਅਤੇ ਅਸਹਿਮਤੀ ਨੂੰ ਜਬਰੀ ਬੰਦ ਕਰਾਉਣਾ ਹੀ ਇੱਕ ਸੱਤਾਵਾਦੀ ਪ੍ਰਾਜੈਕਟ ਨੂੰ ਯੂਟੋਪੀਆ ਤੋਂ ਅੱਡ ਕਰਦਾ ਹੈ। ਉਂਝ, ਸਿਆਸੀ ਜੀਵਨ ਵਿੱਚ ਅਕਸਰ ਇਸ ਦੇ ਅਣਚਾਹੇ ਸਿੱਟੇ ਨਿਕਲਦੇ ਹਨ। ਇਸ ਦੀ ਨੀਅਤ ਦਾ ਮਹੱਤਵ ਹੁੰਦਾ ਹੈ। ਇਸ ਲਈ ਯੂਟੋਪੀਆ ਨੂੰ ਪਾਸੇ ਰੱਖ ਕੇ ਅਸੀਂ ਇਹ ਪੜਤਾਲ ਕਰਦੇ ਹਾਂ ਕਿ ਕਿਸੇ ਬਹੁਵਾਦੀ ਸਮਾਜ ਉੱਤੇ ਸੱਤਾਵਾਦ ਦਾ ਕੀ ਪ੍ਰਭਾਵ ਪੈਂਦਾ ਹੈ।
ਬਹੁਵਾਦੀ ਸਮਾਜ ਵਿੱਚ ਇਨਸਾਨਾਂ ਦੀ ਆਪੋ ਆਪਣੀ ਮਖ਼ਸੂਸ ਪਛਾਣ ਹੁੰਦੀ ਹੈ। ਹਾਲਾਂਕਿ ਅਸੀਂ ਇੱਕ ਸਮੂਹ ਦਾ ਹਿੱਸਾ ਹੁੰਦੇ ਹਾਂ, ਪਰ ਫਿਰ ਵੀ ਦੁਨੀਆ ਦੇ ਪ੍ਰਬੰਧ ਬਾਰੇ ਮੇਰੇ ਵੱਖਰੇ ਵਿਚਾਰ ਹੁੰਦੇ ਹਨ। ਇਸ ਲਈ ਸਾਡੇ ’ਚੋਂ ਕੁਝ ਲੋਕ ਸਿਆਸੀ ਜਥੇਬੰਦੀਆਂ, ਕੁਝ ਹੋਰ ਸਮਾਜਿਕ ਲਹਿਰਾਂ ਅਤੇ ਕੁਝ ਨਾਗਰਿਕ ਸਮਾਜ ਦੇ ਸੰਗਠਨਾਂ ਵਿੱਚ ਸ਼ਾਮਲ ਹੋ ਜਾਂਦੇ ਹਨ ਜਦਕਿ ਬਾਕੀ ਦੇ ਲੋਕ ਸੋਸ਼ਲ ਮੀਡੀਆ, ਵਿਚਾਰ ਮੰਚਾਂ ਜਾਂ ਅਖ਼ਬਾਰਾਂ ਦੇ ਨਾਂ ਚਿੱਠੀਆਂ ਲਿਖ ਕੇ ਆਪਣੇ ਵਿਚਾਰ ਤੇ ਮਤ ਪ੍ਰਗਟ ਕਰਦੇ ਹਨ। ਇਨ੍ਹਾਂ ’ਚੋਂ ਹਰ ਇੱਕ ਸਰਗਰਮੀ ਸਾਰਥਕ ਹੁੰਦੀ ਹੈ ਕਿਉਂਕਿ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਸਿਧਾਂਤ ਘੜਿਆ ਸੀ ਕਿ ‘ਮਨੁੱਖ ਅਸਲ ਵਿੱਚ ਸਿਆਸੀ ਜਾਨਵਰ ਹੁੰਦੇ ਹਨ।’
ਰਾਜਨੀਤੀ ਦਾ ਮਤਲਬ ਸਿਰਫ਼ ਚੋਣਾਂ ਲੜ ਕੇ ਸੱਤਾ ਦੀ ਕੁਰਸੀ ਤੱਕ ਪੁੱਜਣਾ ਨਹੀਂ ਹੁੰਦਾ। ਇਸ ਦਾ ਤਾਅਲੁਕ ਸਹਿਮਤੀ ਤੇ ਅਸਹਿਮਤੀ ਨਾਲ ਅਤੇ ਇਸ ਤੋਂ ਵੀ ਵਧ ਕੇ ਸਟੇਟ/ਰਿਆਸਤ ਅਤੇ ਵਿਅਕਤੀਆਂ ਜਾਂ ਸਮੂਹਾਂ ਵਿਚਕਾਰ ਵਾਰਤਾਲਾਪ ਕਰਾਉਣ ਵਾਲੀ ਪ੍ਰਕਿਰਿਆ ਨੂੰ ਸੰਸਥਾਈ ਰੂਪ ਦੇਣ ਨਾਲ ਹੁੰਦਾ ਹੈ। ਜਦੋਂ ਤੱਕ ਮੈਂ ਆਪਣੇ ਅਤੇ ਤੁਸੀਂ ਤੁਹਾਡੇ ਆਪਣੇ ਮਖਸੂਸ ਭਾਵ ਦਾ ਪ੍ਰਗਟਾਵਾ ਨਹੀਂ ਕਰਦੇ ਉਦੋਂ ਤੱਕ ਅਸੀਂ ਆਪਣੇ ਇਨਸਾਨੀ ਮਨੋਰਥ ਨੂੰ ਪੂਰਾ ਨਹੀਂ ਕਰ ਰਹੇ ਹੁੰਦੇ ਜਿਨ੍ਹਾਂ ਕੋਲ ਸੋਚਾਂ, ਵਿਚਾਰ, ਵਿਚਾਰਧਾਰਾਵਾਂ ਹੁੰਦੀਆਂ ਹਨ ਅਤੇ ਜੋ ਤਰਕਪੂਰਨ ਜਨਤਕ ਬਹਿਸ ਮੁਬਾਹਿਸੇ ਜ਼ਰੀਏ ਆਪਣੇ ਮੱਤਭੇਦ ਸੁਲਝਾਉਣ ਲਈ ਰਜ਼ਾਮੰਦ ਹੁੰਦੇ ਹਨ। ਅਰਸਤੂ ਨੇ ਇਹੋ ਜਿਹੇ ਸਮਾਜ ਦੀ ਕਲਪਨਾ ਕੀਤੀ ਸੀ ਜਿਸ ਦੀ ਪਛਾਣ ਨਾ ਕੇਵਲ ਆਪਣੇ ਮੱਤਭੇਦਾਂ ਤੋਂ ਹੁੰਦੀ ਹੈ ਸਗੋਂ ਇਸ ਤੋਂ ਵੀ ਕਿ ਇਨ੍ਹਾਂ ਮੱਤਭੇਦਾਂ ਨੂੰ ਵਿਚਾਰ ਵਟਾਂਦਰੇ ਨਾਲ ਕਿਵੇਂ ਸੁਲਝਾਇਆ ਜਾਂਦਾ ਹੈ।
ਇਸ ਕਰ ਕੇ ਇੱਕ ਉੱਘੀ ਦਾਰਸ਼ਨਿਕ ਹੈਨਾ ਅਰੈਂਡਟ (ਜਰਮਨ ਮੂਲ ਦੀ ਅਮਰੀਕੀ ਦਾਰਸ਼ਨਿਕ) ਨੇ ਆਪਣੀ ਕਤਿਾਬ ‘ਦਿ ਹਿਊਮੈਨ ਕੰਡੀਸ਼ਨ’ ਵਿੱਚ ਇਹ ਲਿਖਿਆ ਹੈ ਕਿ ਵਿਚਾਰਾਂ ਅਤੇ ਕਾਰਜ ਦੀ ਬਹੁਲਤਾ ਸਾਹਮਣੇ ਨਿਵਣ ਦੀ ਕੋਸ਼ਿਸ਼ ਲੋਕਰਾਜ ਦੇ ਬਰਖਿਲਾਫ਼ ਹੈ। ਇਸ ਦੀ ਅਟੱਲਤਾ ਰਾਜਨੀਤੀ ਦੇ ਮੂਲ ਲੱਛਣਾਂ ਖਿਲਾਫ਼ ਤਰਕ ਦਿੰਦੀ ਹੈ। ਬਹੁਲਤਾ ਆਪਣੇ ਆਪ ਨੂੰ ਬਹਿਸ ਅਤੇ ਚਰਚਾ ਦੇ ਜਨਤਕ ਖੇਤਰ ਵਿੱਚ ਪ੍ਰਗਟਾਉਂਦੀ ਹੈ। ਬਹੁਲਤਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਆਪਣੇ ਆਪ ਵਿੱਚ ਜਨਤਕ ਖੇਤਰ ਨੂੰ ਖਤਮ ਕਰਨ ਦੇ ਬਰਾਬਰ ਹਨ। ਬਹੁਤ ਹੀ ਬੱਜਰ ਰੂਪ ਵਿੱਚ ਬਹੁਲਤਾ ਤੋਂ ਨਜਿਾਤ ਹੀ ਕਈ ਸ਼ਕਲਾਂ ਵਾਲਾ ਇੱਕ-ਪੁਰਖੀ ਸ਼ਾਸਨ ਹੁੰਦਾ ਹੈ ਜੋ ਸਭਨਾਂ ਦੇ ਵਿਰੁੱਧ ਇੱਕ ਸ਼ਖ਼ਸ ਦੀ ਨਿਰੰਕੁਸ਼ਤਾ ਤੋਂ ਲੈ ਕੇ ਪਰੋਪਕਾਰੀ ਤਾਨਾਸ਼ਾਹੀ ਤੱਕ ਕੁਝ ਵੀ ਹੋ ਸਕਦਾ ਹੈ। ਸਰਕਾਰ ਦੇ ਇਨ੍ਹਾਂ ਰੂਪਾਂ ਨਾਲ ਸਮੱਸਿਆ ਇਹ ਨਹੀਂ ਹੈ ਕਿ ਉਹ ਨਿਰਦਈ ਹੁੰਦੇ ਹਨ ਸਗੋਂ ਇਹ ਹੈ ਕਿ ਉਹ ਵੀ ਬਹੁਤ ਵਧੀਆ ਢੰਗ ਨਾਲ ਚੱਲ ਸਕਦੇ ਹਨ। ਤਾਨਾਸ਼ਾਹ ਹਰ ਚੀਜ਼ ਵਿੱਚ ਦਿਆਲੂ ਤੇ ਫਰਾਖ਼ਦਿਲ ਹੋ ਸਕਦੇ ਹਨ। ਉਨ੍ਹਾਂ ਵਿੱਚ ਜਿਸ ਚੀਜ਼ ਦੀ ਸਮਾਨਤਾ ਹੁੰਦੀ ਹੈ, ਉਹ ਹੈ ਜਨਤਕ ਖੇਤਰ ’ਚ ਨਾਗਰਿਕਾਂ ਨੂੰ ਬੇਦਖਲ ਕਰਨਾ ਅਤੇ ਇਸ ਗੱਲ ’ਤੇ ਜ਼ੋਰ ਦੇਣਾ ਕਿ ਲੋਕਾਂ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਦੀ ਲੋੜ ਹੁੰਦੀ ਹੈ ਅਤੇ ਜਨਤਕ ਮਾਮਲੇ ਸਿਰਫ਼ ਹਾਕਮਾਂ ਲਈ ਛੱਡ ਦਿੱਤੇ ਜਾਣੇ ਚਾਹੀਦੇ ਹਨ। ਅਰੈਂਡਟ ਦਾ ਆਖਣਾ ਕਿ ਸਥਿਰਤਾ ਅਤੇ ਅਮਨ ਚੈਨ ਦੀ ਖਾਤਰ ਅਕਸਰ ਮਨੁੱਖੀ ਮਾਮਲਿਆਂ ਵਿੱਚ ਗ਼ਲਤੀਆਂ ਤੋਂ ਬਚਣ ਦਾ ਸੁਝਾਅ ਦਿੱਤਾ ਜਾਂਦਾ ਹੈ, ਪਰ ਅਸਲ ਵਿੱਚ ਇਹ ਰਾਜਨੀਤੀ ਤੋਂ ਕਿਨਾਰਾਕਸ਼ੀ ਹੁੰਦੀ ਹੈ: ‘‘ਇਸ ਕਿਸਮ ਦੀਆਂ ਸਾਰੀਆਂ ਕਿਨਾਰਾਕਸ਼ੀਆਂ ਦਾ ਸਿਖਰ ਇੱਕ ਅਜਿਹੇ ਸ਼ਾਸਨ ਦਾ ਸੰਕਲਪ ਹੁੰਦਾ ਹੈ ਜਿਸ ਦੀ ਧਾਰਨਾ ਇਸ ’ਤੇ ਟਿਕੀ ਹੈ ਕਿ ਆਦਮੀ ਕਾਨੂੰਨਨ ਤੇ ਸਿਆਸਤਨ ਤਦ ਹੀ ਮਿਲ ਜੁਲ ਕੇ ਰਹਿ ਸਕਦੇ ਹਨ ਜੇ ਕੁਝ ਲੋਕਾਂ ਨੂੰ ਹੁਕਮ ਦੇਣ ਦਾ ਹੱਕ ਹਾਸਲ ਹੋਵੇ ਅਤੇ ਬਾਕੀ ਹੁਕਮਾਂ ਨੂੰ ਮੰਨਣ ਦੇ ਪਾਬੰਦ ਹੋਣ।’’
ਲੋਕਰਾਜ ਸਰਕਾਰ ਦਾ ਇਕਮਾਤਰ ਅਜਿਹਾ ਰੂਪ ਹੁੰਦੀ ਹੈ ਜੋ ਜਨਤਕ ਖੇਤਰ ਦੇ ਵਿਸ਼ੇਸ਼ਾਧਿਕਾਰ ਦੀ ਧਾਰਨਾ ਦਿੰਦੀ ਹੈ ਜਿੱਥੇ ਨਾਗਰਿਕ ਮੁਕਾਬਲਤਨ ਇਕੱਠੇ ਹੋ ਕੇ ਇਹ ਸੋਚ ਵਿਚਾਰ ਕਰ ਸਕਦੇ ਹਨ ਕਿ ‘ਕੀ ਹੋ ਰਿਹਾ ਹੈ’ ਅਤੇ ‘ਕੀ ਹੋਣਾ ਚਾਹੀਦਾ ਹੈ।’ ਪ੍ਰਾਚੀਨ ਯੂਨਾਨੀ ਦਾਰਸ਼ਨਿਕਾਂ ਦਾ ਕਹਿਣਾ ਸੀ ਕਿ ਬਹਿਸ ਮੁਬਾਹਿਸੇ ਵਿੱਚ ਸ਼ਿਰਕਤ ਕਰਨਾ ਹੀ ਰਾਜਨੀਤੀ ਹੁੰਦੀ ਹੈ। ਜ਼ਰਾ ਸੋਚੋ ਕਿ ਵਿਰੋਧ ਤੋਂ ਬਗ਼ੈਰ ਇਹ ਦੁਨੀਆ ਕਿੰਨੀ ਤਰਸਯੋਗ ਅਤੇ ਡਰਾਉਣੀ ਹੋਣੀ ਸੀ। ਅਸੀਂ ਭਾਰਤ ਦੀ ਅਮੀਰ ਬਹੁਲਤਾ ਅਤੇ ਇਸ ਦੀਆਂ ਬਹੁਤ ਸਾਰੀਆਂ ਰਵਾਇਤਾਂ ਅਤੇ ਬਹੁਭਾਂਤੇ ਦਰਸ਼ਨਾਂ ਅਤੇ ਧਾਰਮਿਕ ਤਿਓਹਾਰਾਂ ਅਤੇ ਇਲਾਕਾਈ ਵਿਭਿੰਨਤਾ ਸਹਤਿ ਅਜਿਹੀ ਦੁਨੀਆ ਦਾ ਕਿਆਸ ਨਹੀਂ ਕਰ ਸਕਦੇ, ਪਰ ਤਸੀਹਾ ਕੈਂਪਾਂ ਵਿੱਚ ਕਰ ਸਕਦੇ ਹਾਂ। ਅਸੀਂ ਕਦੇ ਵੀ ਇੱਕ ਉਥਲ ਪੁਥਲ ਪਰ ਰਚਨਾਤਮਕ ਦੁਨੀਆ ਨੂੰ ਵਿਵਸਥਾ ਤੇ ਸਥਿਰਤਾ ਵਾਲੀ ਦੁਨੀਆ ਨਾਲ ਨਹੀਂ ਵਟਾਵਾਂਗੇ ਕਿਉਂਕਿ ਐਸੀ ਦੁਨੀਆ ਮੁਰਦਿਆਂ ਦੀ ਦੁਨੀਆ ਹੁੰਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×