For the best experience, open
https://m.punjabitribuneonline.com
on your mobile browser.
Advertisement

ਆਲਮੀ ਸਿਹਤ ਸੰਸਥਾ ਨੇ ਗਾਜ਼ਾ ਦੇ ਸ਼ਿਫਾ ਹਸਪਤਾਲ ਨੂੰ ‘ਡੈੱਥ ਜ਼ੋਨ’ ਐਲਾਨਿਆ

07:08 AM Nov 20, 2023 IST
ਆਲਮੀ ਸਿਹਤ ਸੰਸਥਾ ਨੇ ਗਾਜ਼ਾ ਦੇ ਸ਼ਿਫਾ ਹਸਪਤਾਲ ਨੂੰ ‘ਡੈੱਥ ਜ਼ੋਨ’ ਐਲਾਨਿਆ
ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਤੋਂ ਬਚਾਏ ਗਏ ਨਵਜੰਮੇ ਬੱਚਿਆਂ ਦਾ ਇਲਾਜ ਕਰਦੇ ਹੋਏ ਰਾਫਾਹ ਹਸਪਤਾਲ ਦੇ ਸਿਹਤ ਕਰਮੀ। -ਫੋਟੋ: ਰਾਇਟਰਜ਼
Advertisement

ਤਲ ਅਵੀਵ/ਖਾਨ ਯੂਨਿਸ(ਗਾਜ਼ਾ ਪੱਟੀ), 19 ਨਵੰਬਰ
ਸੰਯੁਕਤ ਰਾਸ਼ਟਰ ਦੀ ਟੀਮ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫਾ ਨੂੰ ‘ਡੈੱਥ ਜ਼ੋਨ’ ਐਲਾਨ ਦਿੱਤਾ ਹੈ। ਇਜ਼ਰਾਇਲੀ ਫੌਜਾਂ ਵੱਲੋਂ ਕਥਿਤ ਬੰਦੂਕ ਦੀ ਨੋਕ ’ਤੇ ਹਸਪਤਾਲ ਖਾਲੀ ਕਰਵਾਏ ਜਾਣ ਮਗਰੋਂ ਯੂਐੱਨ ਟੀਮ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਟੀਮ ਮੁਤਾਬਕ ਹਸਪਤਾਲ ਵਿੱਚ 291 ਮਰੀਜ਼ ਬਚੇ ਹਨ ਜਿਨ੍ਹਾਂ ਵਿੱਚ 32 ਨਵਜੰਮੇ ਬੱਚੇ ਤੇ ਟਰੌਮਾ ਮਰੀਜ਼ ਵੀ ਸ਼ਾਮਲ ਹਨ ਜਿਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਟੀਮ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈਆਂ ਦੇ ਜ਼ਖ਼ਮ ਨਾਸੂਰ ਬਣ ਚੁੱਕੇ ਹਨ ਜਦੋਂਕਿ ਕੁਝ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗਣ ਕਰਕੇ ਤੁਰਨ ਫਿਰਨ ਤੋਂ ਵੀ ਅਸਮਰੱਥ ਹਨ। ਇਸ ਦੌਰਾਨ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ 31 ਨਵਜੰਮਿਆਂ ਨੂੰ ਹਸਪਤਾਲ ’ਚੋਂ ਕੱਢ ਕੇ ਦੱਖਣੀ ਹਿੱਸੇ ’ਚ ਤਬਦੀਲ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਜਲਦੀ ਹੀ ਮਿਸਰ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਵੇਗਾ। ਉਧਰ ਨੇਤਨਯਾਹੂ ਸਰਕਾਰ ਨੇ ਜੰਗ ਦੇ ਖਾਤਮੇ ਮਗਰੋਂ ਗਾਜ਼ਾ ਪੱਟੀ ਦਾ ਕੰਟਰੋਲ ਫਲਸਤੀਨੀ ਅਥਾਰਿਟੀ ਹੱਥ ਦੇਣ ਦੇ ਅਮਰੀਕੀ ਸੁਝਾਅ ਨੂੰ ਖਾਰਜ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਜ਼ਰਾਇਲੀ ਸਰਕਾਰ ਦਾ ਤਰਕ ਹੈ ਕਿ ਦਹਿਸ਼ਤੀ ਸਮੂਹ (ਹਮਾਸ) ਦਾ ਫਲਸਤੀਨੀ ਅਥਾਰਿਟੀ ਦੇ ਸੀਨੀਅਰ ਆਗੂਆਂ ਦੀ ਹੱਤਿਆ ਕਰਕੇ ਗਾਜ਼ਾ ਪੱਟੀ ਦੀ ਸੱਤਾ ’ਤੇ ਕਬਜ਼ਾ ਕਰ ਲੈਣ ਦਾ ਇਤਿਹਾਸ ਰਿਹਾ ਹੈ। ਇਜ਼ਰਾਇਲੀ ਸੁਰੱਖਿਆ ਏਜੰਸੀ ਨੇ ਵੀ ਅਮਰੀਕਾ ਦੇ ਉਪਰੋਕਤ ਸੁਝਾਅ ਦਾ ਵਿਰੋਧ ਕੀਤਾ ਹੈ। ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਇਜ਼ਰਾਈਲ ਵੱਲੋੋਂ ਗਾਜ਼ਾ ਸ਼ਹਿਰ ਵਿੱਚ ਆਪਣਾ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਤੇ ਹਮਾਸ ਕੋਲ ਹੁਣ ਇੱਕਾ-ਦੁੱਕਾ ਟਿਕਾਣੇ ਹੀ ਬਚੇ ਹਨ। ਆਲਮੀ ਸਿਹਤ ਸੰਸਥਾ ਨੇ ਕਿਹਾ ਕਿ ਘਰੋਂ ਬੇਘਰ ਹੋਏ ਲੋਕਾਂ, ਮੋਬਾਈਲ ਮਰੀਜ਼ਾਂ ਤੇ ਮੈਡੀਕਲ ਸਟਾਫ਼, ਜਿਨ੍ਹਾਂ ਦੀ ਕੁੱਲ ਗਿਣਤੀ 2500 ਦੇ ਕਰੀਬ ਬਣਦੀ ਸੀ, ਦੇ ਸ਼ਿਫਾ ਹਸਪਤਾਲ ਛੱਡਣ ਮਗਰੋਂ ਯੂਐੱਨ ਟੀਮ ਨੂੰ ਹਸਪਤਾਲ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਸੀ। ਟੀਮ ਉਥੇ ਇਕ ਘੰਟੇ ਦੇ ਕਰੀਬ ਰੁਕੀ। ਟੀਮ ਮੁਤਾਬਕ ਮਰੀਜ਼ਾਂ ਨਾਲ 25 ਬੰਦਿਆਂ ਦਾ ਮੈਡੀਕਲ ਸਟਾਫ਼ ਮੌਜੂਦ ਸੀ। ਯੂਐੱਨ ਏਜੰਸੀ ਨੇ ਕਿਹਾ, ‘‘ਅਸੀਂ ਜਿਨ੍ਹਾਂ ਮਰੀਜ਼ਾਂ ਤੇ ਮੈਡੀਕਲ ਸਟਾਫ਼ ਨਾਲ ਗੱਲ ਕੀਤੀ, ਉਹ ਆਪਣੀ ਸੁਰੱਖਿਆ ਤੇ ਸਿਹਤ ਨੂੰ ਲੈ ਕੇ ਡਰੇ ਹੋਏ ਹਨ...ਉਹ ਉਥੋਂ ਤਬਦੀਲ ਕੀਤੇ ਜਾਣ ਲਈ ਤਰਲੇ ਕੱਢ ਰਹੇ ਹਨ।’’ ਏਜੰਸੀ ਨੇ ਕਿਹਾ ਹਸਪਤਾਲ ‘ਡੈੱਥ ਜ਼ੋਨ’ ਬਣ ਚੁੱਕਾ ਹੈ। ਏਜੰਸੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਟੀਮਾਂ ਸ਼ਿਫਾ ਪੁੱਜ ਜਾਣਗੀਆਂ ਤੇ ਮਰੀਜ਼ਾਂ ਨੂੰ ਦੱਖਣੀ ਗਾਜ਼ਾ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਜ਼ਰਾਈਲ ਲੰਮੇ ਸਮੇਂ ਤੋਂ ਦਾਅਵਾ ਕਰਦਾ ਆਇਆ ਹੈ ਕਿ ਹਮਾਸ ਵੱਲੋਂ ਸ਼ਿਫਾ ਹਸਪਤਾਲ ਦੇ ਅੰਦਰ ਤੇ ਹੇਠਾਂ ਕਮਾਂਡ ਪੋਸਟ ਸਥਾਪਿਤ ਕੀਤਾ ਗਿਆ ਹੈ। ਇਹੀ ਵਜ੍ਹਾ ਹੈ ਕਿ ਇਜ਼ਰਾਈਲ ਨੇ ਜੰਗ ਦੌਰਾਨ ਸ਼ਿਫ਼ਾ ਹਸਪਤਾਲ ਨੂੰ ਆਪਣੇ ਮੁੱਖ ਨਿਸ਼ਾਨੇ ’ਤੇ ਰੱਖਿਆ। ਹਮਾਸ ਤੇ ਹਸਪਤਾਲ ਸਟਾਫ਼ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰੀ ਹਨ। ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਿਫਾ ਹਸਪਤਾਲ ’ਚੋਂ ਹਿਜਰਤ ਨੂੰ ਲੋਕਾਂ ਦੀ ਇੱਛਾ ਵਜੋਂ ਪੇਸ਼ ਕੀਤਾ ਸੀ ਪਰ ਆਲਮੀ ਸਿਹਤ ਸੰਸਥਾ ਨੇ ਕਿਹਾ ਕਿ ਫੌਜ ਨੇ ਹਸਪਤਾਲ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਇਜ਼ਰਾਈਲ ਵੱਲੋਂ ਭੀੜ-ਭੜੱਕੇ ਵਾਲੇ ਯੂਐੱਨ ਰੈਣ ਬਸੇਰੇ (ਸ਼ਹਿਰੀ ਜਬਾਲੀਆ ਸ਼ਰਨਾਰਥੀ ਕੈਂਪ) ’ਤੇ ਕੀਤੇ ਹਵਾਈ ਹਮਲੇ ਵਿੱਚ ਦਰਜਨਾਂ ਲੋਕ ਹਲਾਕ ਹੋ ਗਏ। ਬੁਰਜ ਤੇ ਨੁਸਰਤ ਸ਼ਰਨਾਰਥੀ ਕੈਂਪਾਂ ’ਤੇ ਹਵਾਈ ਹਮਲਿਆਂ ਵਿੱਚ 31 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿਚ ਦੋ ਸਥਾਨਕ ਪੱਤਰਕਾਰ ਵੀ ਸ਼ਾਮਲ ਹਨ। ਖਾਨ ਯੂਨਿਸ ਦੇ ਦੱਖਣੀ ਸ਼ਹਿਰ ਵਿੱਚ ਲੰਘੀ ਰਾਤ ਇਕ ਹੋਰ ਹਵਾਈ ਹਮਲੇ ਵਿੱਚ ਮਹਿਲਾ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਕੌਮਾਂਤਰੀ ਸਹਾਇਤਾ ਸਮੂਹ ‘ਡਾਕਟਰਜ਼ ਵਿਦਾਊਟ ਬਾਰਡਰਜ਼’ ਨੇ ਕਿਹਾ ਕਿ ਸਟਾਫ਼ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਾਫ਼ਲੇ ਨੇ ਉੱਤਰੀ ਗਾਜ਼ਾ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਭੀੜ-ਭੜੱਕੇ ਵਾਲੇ ਇਜ਼ਰਾਇਲੀ ਨਾਕੇ ’ਤੇ ਗੋਲੀਆਂ ਚੱਲਣ ਮਗਰੋਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਗਾਜ਼ਾ ਸ਼ਹਿਰ ਮੁੜਦੇ ਕਾਫ਼ਲੇ ’ਤੇ ਹੋਏ ਹਮਲੇ ਵਿੱਚ ਸਟਾਫ਼ਰ ਦੇ ਇਕ ਪਰਿਵਾਰਕ ਜੀਅ ਦੀ ਮੌਤ ਹੋ ਗਈ। ਫਲਸਤੀਨ ਸਿਹਤ ਅਥਾਰਿਟੀਜ਼ ਮੁਤਾਬਕ ਹੋਣ ਤੱਕ 11,500 ਤੋਂ ਵੱਧ ਫਲਸਤੀਨੀ ਮੌਤ ਦੇ ਮੂੰਹ ਪੈ ਚੁੱਕੇ ਹਨ ਜਦੋਂਕਿ 2700 ਦੇ ਕਰੀਬ ਲਾਪਤਾ ਹਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਮਲਬੇ ਹੇਠ ਦਫ਼ਨ ਹਨ। ਇਜ਼ਰਾਇਲੀ ਫੌਜ ਨੇ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿਚਲੇ ਰਾਫ਼ਾਹ ਸ਼ਹਿਰ ਵਿੱਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੁਝ ਸਮੇਂ ਲਈ ਆਪਣੀਆਂ ਸਰਗਰਮੀਆਂ ਰੋਕੀ ਰੱਖੀਆਂ। ਰਾਫਾਹ ਸਰਹੱਦ ਗਾਜ਼ਾ ਦੇ ਅੰਦਰ-ਬਾਹਰ ਜਾਣ ਲਈ ਇਕੋ ਇਕ ਲਾਂਘਾ ਹੈ, ਜਿਸ ’ਤੇ ਇਜ਼ਰਾਈਲ ਦਾ ਕੰਟਰੋਲ ਨਹੀਂ ਹੈ। ਇਕ ਸਮਝੌਤੇ ਤਹਿਤ ਵਿਦੇਸ਼ੀ ਪਾਸਪੋਰਟ ਧਾਰਕਾਂ ਤੇ ਗੰਭੀਰ ਜ਼ਖ਼ਮੀ ਆਮ ਨਾਗਰਿਕਾਂ ਨੂੰ ਰਾਫਾਹ ਰਸਤੇ ਲੰਘਣ ਦੀ ਇਜਾਜ਼ਤ ਦਿੱਤੀ ਗਈ। -ਏਪੀ

Advertisement

ਉੱਤਰੀ ਗਾਜ਼ਾ ਦੀ ਸਰਹੱਦ ਨੇੜੇ ਅਸਲਾ ਇਕਾਈ ਕੋਲ ਖੜ੍ਹੇ ਇਜ਼ਰਾਇਲੀ ਸੈਨਾ ਦੇ ਜਵਾਨ। -ਫੋਟੋ: ਰਾਇਟਰਜ਼

ਇਜ਼ਰਾਈਲ ਵੱਲੋਂ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਖਾਰਜ

ਗਾਜ਼ਾ/ਯੇਰੂਸ਼ਲਮ: ਇਜ਼ਰਾਈਲ ਨੇ ਇਕ ਸਮਝੌਤੇ ਤਹਿਤ ਹਮਾਸ ਵੱਲੋਂ ਗਾਜ਼ਾ ਵਿੱਚ ਬੰਧਕ ਬਣਾਏ ਦਰਜਨਾਂ ਮਹਿਲਾਵਾਂ ਤੇ ਬੱੱਚਿਆਂ ਨੂੰ ਪੰਜ ਦਿਨਾਂ ਦੀ ਜੰਗਬੰਦੀ ਵੱਟੇ ਰਿਹਾਅ ਕੀਤੇ ਜਾਣ ਦਾ ਦਾਅਵਾ ਕਰਦੀ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ। ਰੋਜ਼ਨਾਮਚੇ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਵਿਚੋਲਗੀ ਨਾਲ ਇਹ ਸਮਝੌਤਾ ਸਿਰੇ ਚੜ੍ਹਿਆ ਹੈ ਤੇ ਸਬੰਧਤ ਧਿਰਾਂ ਇਸ ਲਈ ਰਾਜ਼ੀ ਹਨ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਬੰਧਕਾਂ ਦੀ ਰਿਹਾਈ ਦਾ ਅਮਲ ਅਗਲੇ ਦਿਨਾਂ ਵਿੱਚ ਸ਼ੁਰੂ ਹੋ ਸਕਦਾ ਹੈ। ਸਬੰਧਤ ਧਿਰਾਂ ਆਪਣੇ ਜੰਗੀ ਅਪਰੇਸ਼ਨਾਂ ਨੂੰ ਘੱਟੋ ਘੱਟ ਪੰਜ ਦਿਨਾਂ ਲਈ ਰੋਕਣਗੀਆਂ ਅਤੇ 50 ਜਾਂ ਵੱਧ ਬੰਧਕ ਸਮੂਹ ਵਿੱਚ ਹਰ 24 ਘੰਟੇ ਬਾਅਦ ਰਿਹਾਅ ਕੀਤੇ ਜਾਣਗੇ। -ਰਾਇਟਰਜ਼

ਗਾਜ਼ਾ ਨਾਲ ਸਬੰਧਤ ਰੋਸ ਪ੍ਰਦਰਸ਼ਨਾਂ ਕਾਰਨ ਡੈਮੋਕਰੇਟਾਂ ਦੇ ਸਮਾਗਮ ਰੱਦ

ਸੈਕਰਾਮੈਂਟੋ: ਇੱਥੇ ਲੋਕਾਂ ਨੇ ਇਜ਼ਰਾਈਲ-ਹਮਾਸ ਜੰਗ ’ਚ ਗੋਲੀਬੰਦੀ ਦੀ ਮੰਗ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਜਿਸ ਕਾਰਨ ਡੈਮੋਕਰੈਟਿਕ ਪਾਰਟੀ ਨੂੰ ਸ਼ਨਿਚਰਵਾਰ ਆਪਣੇ ਕਈ ਸਮਾਰੋਹ ਰੱਦ ਕਰਨੇ ਪਏ। ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਇਹ ਕਦਮ ਚੁੱਕਿਆ ਗਿਆ। ਦੱਸਣਯੋਗ ਹੈ ਕਿ ਕੈਲੀਫੋਰਨੀਆ ਦੇ ਡੈਮੋਕਰੇਟ ਇਸ ਹਫ਼ਤੇ ਸੈਕਰਾਮੈਂਟੋ ਵਿਚ ਮੀਟਿੰਗ ਕਰ ਰਹੇ ਹਨ ਤਾਂ ਕਿ ਉਮੀਦਵਾਰਾਂ ਦੇ ਨਾਵਾਂ ਉਤੇ ਵਿਚਾਰ ਕੀਤਾ ਜਾ ਸਕੇ। ਇਹ ਉਮੀਦਵਾਰ ਅਗਲੇ ਸਾਲ ਮਾਰਚ ਮਹੀਨੇ ਹੋਣ ਵਾਲੀ ਪ੍ਰਾਇਮਰੀ ਚੋਣ ਲੜਨਗੇ। ਗਾਜ਼ਾ ਵਿਚ ਗੋਲੀਬੰਦੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਪਾਰਟੀ ਦੀ ਕਨਵੈਨਸ਼ਨ ਵਿਚ ਸ਼ਨਿਚਰਵਾਰ ਬਾਅਦ ਦੁਪਹਿਰ ਕਈ ਵਾਰ ਅੜਿੱਕਾ ਪਾਇਆ। ਇਸ ਤੋਂ ਬਾਅਦ ਪਾਰਟੀ ਦੇ ਅਹੁਦੇਦਾਰਾਂ ਨੇ ਸੁਰੱਖਿਆ ਵਧਾ ਦਿੱਤੀ। ਲੋਕਾਂ ਨੂੰ ਤਲਾਸ਼ੀ ਲੈ ਕੇ ਹਾਲ ਵਿਚ ਦਾਖਲ ਹੋਣ ਦਿੱਤਾ ਗਿਆ। ਦੁਪਹਿਰ ਦੇ ਸੈਸ਼ਨ ਤੋਂ ਬਾਅਦ ਵੱਡੀ ਗਿਣਤੀ ਮੁਜ਼ਾਹਰਾਕਾਰੀ ਹਾਲ ’ਚ ਇਕੱਠੇ ਹੋ ਗਏ। ਇਸ ਕਾਰਨ ਸੈਕਰਾਮੈਂਟੋ ਦੀ ਪੁਲੀਸ ਨੂੰ ਕਨਵੈਨਸ਼ਨ ਸੈਂਟਰ ਨੇੜੇ ਕੁਝ ਸੜਕਾਂ ਬੰਦ ਕਰਨੀਆਂ ਪਈਆਂ। ਹਾਲਾਂਕਿ ਉਨ੍ਹਾਂ ਨੂੰ ਜਲਦੀ ਹੀ ਖੋਲ੍ਹ ਦਿੱਤਾ ਗਿਆ। ਡੈਮੋਕਰੈਟਿਕ ਪਾਰਟੀ ਦੇ ਬੁਲਾਰੇ ਸ਼ੇਰੀ ਯੈਂਗ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਦੀ ਕਾਕਸ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋਣ ਕਾਰਨ ਇਹ ਫ਼ੈਸਲਾ ਲੈਣਾ ਪਿਆ। -ਏਪੀ

Advertisement
Author Image

Advertisement
Advertisement
×