For the best experience, open
https://m.punjabitribuneonline.com
on your mobile browser.
Advertisement

ਰਵਾਇਤੀ ਰੰਗ ਬਿਖੇਰਦਾ ਦੁਨੀਆ ਭਰ ’ਚ ਮਸ਼ਹੂਰ ‘ਜਰਗ ਦਾ ਮੇਲਾ’ ਸਮਾਪਤ

08:37 AM Apr 11, 2024 IST
ਰਵਾਇਤੀ ਰੰਗ ਬਿਖੇਰਦਾ ਦੁਨੀਆ ਭਰ ’ਚ ਮਸ਼ਹੂਰ ‘ਜਰਗ ਦਾ ਮੇਲਾ’ ਸਮਾਪਤ
ਜਰਗ ਦੇ ਮੇਲੇ ਦੀ ਤਸਵੀਰ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 10 ਅਪਰੈਲ
ਦੁਨੀਆ ਭਰ ’ਚ ਮਸ਼ਹੂਰ ‘ਜਰਗ ਦਾ ਮੇਲਾ’ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਮੇਲੇ ’ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦੇਸ਼ ਦੇ ਕੋਨੇ ਕੋਨੇ ਤੋਂ ਆ ਕੇ ਇੱਥੇ ਸਥਿਤ ਪਾਵਨ ਮੰਦਰਾਂ ਮਾਤਾ ਸ਼ੀਤਲਾ, ਮਾਤਾ ਕਾਲੀ, ਮਾਤਾ ਬਸੰਤੀ, ਮਾਤਾ ਮਦਾਨਣ, ਮਾਤਾ ਕਾਲੀ ਜੀ, ਭੈਰੋਂ ਬਾਬਾ ਜੀ ਅਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ ਦੀ ਮਜ਼ਾਰ ’ਤੇ ਮੱਥਾ ਟੇਕਿਆ। ਇਸ ਮੇਲੇ ਵਿੱਚ ਸਾਰੇ ਧਰਮਾਂ ਦੇ ਲੋਕ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਸ਼ਾਮਲ ਹੋਏ। ਮੇਲੇ ’ਤੇ ਬੀਨਾਂ ਵਾਲੇ ਬਾਜੇ, ਚਿਮਟਿਆਂ ਦੀ ਛਣਕਾਰ, ਲੋਕ ਬੋਲੀਆਂ ਅਤੇ ਨਚਾਰਾਂ ਦੇ ਨਾਚ ਨੇ ਜਰਗ ਦੇ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾਏ। ਸਭ ਤੋਂ ਵੱਧ ਭੀੜ ਚੰਡੋਲਾਂ ‘ਤੇ ਸੀ ਜਿੱਥੇ ਨੌਜਵਾਨਾਂ, ਬੱਚਿਆਂ ਤੇ ਮੁਟਿਆਰਾਂ ਨੇ ਚੰਡੋਲ ਝੂਟ ਕੇ ਖੂਬ ਆਨੰਦ ਮਾਣਿਆ। ਜਰਗ ਦੇ ਮੇਲੇ ਦੀ ਖਾਸ ਗੱਲ ਜਿੱਥੇ ਮਾਲਕਾਂ ਵੱਲੋਂ ਭੇਡਾਂ, ਬੱਕਰੀਆਂ, ਖੱਚਰਾਂ ਤੇ ਘੋੜੀਆਂ ਨੂੰ ਰੰਗ ਬਿਰੰਗੇ ਫੁੱਲਾਂ, ਹਾਰਾਂ ਤੇ ਕੱਪੜਿਆਂ ਨਾਲ ‘ਨਵੀਂ ਦੁਲਹਨ’ ਵਾਂਗ ਸਜਾ ਕੇ ਮੱਥਾ ਟਿਕਾਉਣ ਲਈ ਲਿਆਂਦਾ ਗਿਆ। ਇਸ ਮੌਕੇ ਦੂਲ੍ਹੇਆਣਾ ਟੋਭੇ ’ਤੇ ਪਿੱਪਲਾਂ ਅਤੇ ਬੋਹੜਾਂ ਦੀ ਛਾਵੇਂ ਪੁਰਾਤਨ ਵਿਰਸੇ ਨਾਲ ਸਬੰਧਿਤ ਤੂੰਬੇ ਅਲਗ਼ੋਜ਼ਿਆਂ ਵਾਲੇ, ਸੂਫ਼ੀ ਲੋਕ ਢਾਡੀ, ਲੋਕ ਗੀਤ, ਬੋਲੀਆਂ, ਕਲੀਆਂ ਤੇ ਲੋਕ ਕਿੱਸੇ ਸੁਣਾਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਬਹੁਪੱਖੀ ਕਲਾਕਾਰ ਜੋਗਿੰਦਰ ਸਿੰਘ ਆਜ਼ਾਦ ਤੇ ਸ਼ਾਹਨਿਵਾਜ ਖਾਂ ਨੇ ਦੱਸਿਆ ਕਿ ਜਰਗ ਦੇ ਮੇਲੇ ਵਿੱਚ ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੂਰਨ ਰੂਪ ਵਿੱਚ ਵੇਖੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਦੀ ਏਕਤਾ, ਧਰਮ ਨਿਰਪੱਖਤਾ ’ਤੇ ਕੋਈ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਜਰਗ ਦੇ ਮੇਲੇ ’ਤੇ ਆ ਕੇ ਸਦਾ ਲਈ ਦੂਰ ਹੋ ਜਾਂਦਾ ਹੈ। ਮੇਲੇ ’ਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਐੱਸਐਚਓ ਹਰਦੀਪ ਸਿੰਘ , ਚੌਂਕੀ ਇੰਚਾਰਜ ਰੌਣੀ ਹੁਸ਼ਨ ਲਾਲ, ਥਾਣੇਦਾਰ ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਤਰਨਜੀਤ ਸਿੰਘ, ਗੁਰਮੀਤ ਸਿੰਘ ਤੇ ਸਮੂਹ ਪੁਲੀਸ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ। ਉਥੇ ਹੀ ਫਾਇਰ ਬ੍ਰਿਗੇਡ ਖੰਨਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਜਰਗ ਦਾ ਤੀਜਾ ਮੇਲਾ 16 ਅਪਰੈਲ ਨੂੰ ਲੱਗੇਗਾ।

Advertisement

Advertisement
Author Image

sukhwinder singh

View all posts

Advertisement
Advertisement
×