For the best experience, open
https://m.punjabitribuneonline.com
on your mobile browser.
Advertisement

ਦੁਨੀਆ ਮੰਨਦੀ ਹੈ ਕਿ ਮੋਦੀ ਦੀ ਜਿੱਤ ਯਕੀਨੀ: ਰਾਜਨਾਥ

07:47 AM Apr 15, 2024 IST
ਦੁਨੀਆ ਮੰਨਦੀ ਹੈ ਕਿ ਮੋਦੀ ਦੀ ਜਿੱਤ ਯਕੀਨੀ  ਰਾਜਨਾਥ
ਜਮੂਈ ਵਿੱਚ ਰੈਲੀ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੈ ਕੁਮਾਰ ਸਿਨਹਾ ਅਤੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ। -ਫੋਟੋ: ਪੀਟੀਆਈ
Advertisement

ਜਮੂਈ/ਬਾਂਕਾ, 14 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਹੋਣ ਵਾਲੇ ਸਮਾਗਮਾਂ ਲਈ ਸੱਦਾ ਪੱਤਰ ਪ੍ਰਾਪਤ ਹੋ ਰਹੇ ਹਨ ਜੋ ਇਹ ਦਰਸਾਉਂਦਾ ਹੈ ਕਿ ਸਮੁੱਚਾ ਵਿਸ਼ਵ ਮੰਨਦਾ ਹੈ ਕਿ ਉਨ੍ਹਾਂ ਦੀ ਸੱਤਾ ਵਿੱਚ ਵਾਪਸੀ ਅਟੱਲ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਨੇ ਇਹ ਦਾਅਵਾ ਬਿਹਾਰ ਵਿੱਚ ਜਮੂਈ ਤੇ ਬਾਂਕਾ ਲੋਕ ਸਭਾ ਹਲਕਿਆਂ ਵਿੱਚ ਇਕ ਤੋਂ ਬਾਅਦ ਇਕ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਨ੍ਹਾਂ ਰੈਲੀਆਂ ਵਿੱਚ ਉਨ੍ਹਾਂ ਆਪਣੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਅਤੇ ਜੇਡੀ (ਯੂ) ਲਈ ਪ੍ਰਚਾਰ ਕੀਤਾ। ਜਮੂਈ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਸਮੁੱਚਾ ਵਿਸ਼ਵ ਮੰਨਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲਣਗੇ। ਮੋਦੀ ਨੂੰ ਪਹਿਲਾਂ ਹੀ ਵਿਦੇਸ਼ਾਂ ਤੋਂ ਉਨ੍ਹਾਂ ਸਮਾਗਮਾਂ ਲਈ ਸੱਦੇ ਆ ਰਹੇ ਹਨ ਜਿਹੜੇ ਕਿ ਇਸ ਸਾਲ ਅਕਤੂਬਰ ਵਿੱਚ ਹੋਣੇ ਹਨ ਜਾਂ ਫਿਰ ਅਗਲੇ ਸਾਲ ਹੋਣੇ ਹਨ। ਚੋਣਾਂ ਦੌਰਾਨ ਅਜਿਹਾ ਬਹੁਤ ਘੱਟ ਹੁੰਦਾ ਹੈ ਪਰ ਮੋਦੀ ਦੇ ਮਾਮਲੇ ਵਿੱਚ ਇੰਝ ਲੱਗਦਾ ਹੈ ਕਿ ਸਮੁੱਚਾ ਵਿਸ਼ਵ ਇਹ ਮੰਨ ਰਿਹਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।’’ ਰੱਖਿਆ ਮੰਤਰੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਇਕ ਤਾਕਤ ਵਿੱਚ ਤਬਦੀਲ ਹੋਇਆ ਹੈ ਜੋ ਕਿ ਸਰਹੱਦ ਪਾਰ ਦੇ ਅਤਿਵਾਦ ਨੂੰ ਰੋਕਣ ਦੇ ਸਮਰੱਥ ਹੈ। ਸਰਜੀਕਲ ਸਟ੍ਰਾਈਕਸ ਦੌਰਾਨ ਅਜਿਹਾ ਦੇਖਣ ਨੂੰ ਵੀ ਮਿਲਿਆ ਹੈ। ਉਨ੍ਹਾਂ ਕਿਹਾ, ‘‘ਆਲਮੀ ਪੱਧਰ ’ਤੇ ਭਾਰਤ ਦੇ ਕੱਦ ਵਿੱਚ ਵਾਧਾ ਹੋਣ ਦੀ ਇਕ ਹੋਰ ਉਦਾਹਰਨ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀਆਂ ਦੀ ਰਿਹਾਈ ਤੋਂ ਮਿਲਦੀ ਹੈ। ਇਨ੍ਹਾਂ ਸੇਵਾਮੁਕਤ ਅਧਿਕਾਰੀਆਂ ਨੂੰ ਕਤਰ ਵਿੱਚ ਇਕ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ ਪਰ ਮੋਦੀ ਦੇ ਇਕ ਫੋਨ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।’’ ਮੰਤਰੀ ਨੇ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਫਸੇ ਹੋਣ ਦੇ ਮਾਮਲੇ ਵਿੱਚ ਮੋਦੀ ਵੱਲੋਂ ਦਖ਼ਲਅੰਦਾਜ਼ੀ ਕੀਤੇ ਜਾਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਦੇਸ਼ ਦਾ ਕੱਦ ਵਧਣ ਦਾ ਇਹ ਇਕ ਹੋਰ ਉਦਾਹਰਨ ਹੈ। ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਭਾਜਪਾ ਦਾ ‘ਸੰਕਲਪ ਪੱਤਰ’ ਜਾਰੀ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਇੱਥੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਹੋਰਾਂ ਪਾਰਟੀਆਂ ਤੋਂ ਹੱਟ ਕੇ ਅਸੀਂ ਜੋ ਵਾਅਦੇ ਕਰਦੇ ਹਾਂ ਉਨ੍ਹਾਂ ਨੂੰ ਪੂਰੇ ਵੀ ਕਰਦੇ ਹਾਂ, ਫਿਰ ਭਾਵੇਂ ਉਹ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਹੋਵੇ ਜਾਂ ਧਾਰਾ 370 ਰੱਦ ਕਰਨ ਦਾ।’’ -ਪੀਟੀਆਈ

Advertisement

Advertisement
Author Image

Advertisement
Advertisement
×