ਵਿਸ਼ਵ ਬੈਂਕ ਨੇ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7 ਫ਼ੀਸਦ ਕੀਤਾ
ਨਵੀਂ ਦਿੱਲੀ, 3 ਸਤੰਬਰ
ਵਿਸ਼ਵ ਬੈਂਕ ਨੇ ਚਾਲੂ ਵਿੱਤੀ ਵਰ੍ਹੇ 2024-25 ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਦੇ ਅਨੁਮਾਨ ਨੂੰ 6.6 ਫੀਸਦ ਤੋਂ ਵਧਾ ਕੇ 7 ਫੀਸਦ ਕਰ ਦਿੱਤਾ ਹੈ। ਖੇਤੀ ਖੇਤਰ ਵਿੱਚ ਸੁਧਾਰ ਅਤੇ ਦਿਹਾਤੀ ਮੰਗ ਵਿੱਚ ਤੇਜ਼ੀ ਕਰ ਕੇ ਵਿਸ਼ਵ ਬੈਂਕ ਨੇ ਵਿਕਾਸ ਦਰ ਦੇ ਅਨੁਮਾਨ ਨੂੰ ਵਧਾਇਆ ਹੈ। ਇਹ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਅਤੇ ਏਸ਼ੀਆ ਵਿਕਾਸ ਬੈਂਕ (ਏਡੀਬੀ) ਦੇ ਅਨੁਮਾਨਾਂ ਮੁਤਾਬਕ ਹੈ। ਦੋਵੇਂ ਬਹੁਪੱਖੀ ਫੰਡਿੰਗ ਏਜੰਸੀਆਂ ਨੇ 31 ਮਾਰਚ 2025 ਨੂੰ ਸਮਾਪਤ ਹੋਣ ਵਾਲੇ ਵਿੱਤੀ ਵਰ੍ਹੇ ਲਈ ਆਪਣੇ ਅਨੁਮਾਨ ਨੂੰ ਵਧਾ ਕੇ 7 ਫੀਸਦ ਕੀਤਾ ਹੈ। ਆਰਥਿਕ ਸਮੀਖਿਆ ਮੁਤਾਬਕ, 2024-25 ਵਿੱਚ ਦੇਸ਼ ਦਾ ਅਸਲ ਜੀਡੀਪੀ 6.5 ਤੋਂ 7 ਫੀਸਦ ਦੀ ਦਰ ਨਾਲ ਵਧੇਗਾ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਵਰ੍ਹੇ ਲਈ 7.2 ਫੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਵਿਸ਼ਵ ਬੈਂਕ ਨੇ ਇਸ ਤੋਂ ਪਹਿਲਾਂ ਜੂਨ ਵਿੱਚ ਅਨੁਮਾਨ ਲਾਇਆ ਸੀ ਕਿ 2024-25 ਵਿੱਚ ਭਾਰਤੀ ਅਰਥਚਾਰਾ 6.6 ਫੀਸਦ ਦੀ ਦਰ ਨਾਲ ਵਧੇਗਾ। ਉਸ ਨੇ ਹੁਣ ਇਸ ਨੂੰ 40 ਆਧਾਰ ਪੁਆਇੰਟ ਵਧਾ ਦਿੱਤਾ ਹੈ। ਵਿਸ਼ਵ ਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਰੈਨ ਲੀ ਨੇ ਕਿਹਾ ਕਿ ਮੌਨਸੂਨ ਵਿੱਚ ਸੁਧਾਰ, ਨਿੱਜੀ ਖ਼ਪਤ ਅਤੇ ਵਧਦੀ ਬਰਾਮਦ ਦਰ ਦੇ ਜ਼ੋਰ ’ਤੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅਨੁਮਾਨ ਨੂੰ ਉੱਪਰ ਵੱਲ ਸੋਧਿਆ ਜਾ ਰਿਹਾ ਹੈ। ਵਿਸ਼ਵ ਬੈਂਕ ਨੇ ਅੱਜ ਜਾਰੀ ਇੰਡੀਆ ਡਿਵੈਲਪਮੈਂਟ ਅਪਡੇਟ ਵਿੱਚ ਕਿਹਾ, ਦੱਖਣੀ ਏਸ਼ੀਆ ਖੇਤਰ ਦਾ ਵੱਡਾ ਹਿੱਸਾ, ਭਾਰਤ ਦੀ ਵਿਕਾਸ ਦਰ 2024-25 ਵਿੱਚ 7 ਫੀਸਦ ਰਹਿਣ ਦੀ ਆਸ ਹੈ। ਰਿਪੋਰਟ ਵਿੱਚ ਕਿਹਾ ਗਿਆ, ‘‘ਚੁਣੌਤੀਪੂਰਨ ਬਾਹਰੀ ਹਾਲਾਤ ਵਿਚਾਲੇ ਵਿਸ਼ਵ ਬੈਂਕ ਨੂੰ ਆਸ ਹੈ ਕਿ ਭਾਰਤ ਦਾ ਮੱਧਮ ਮਿਆਦ ਦਾ ਨਜ਼ਰੀਆ ਸਕਾਰਾਤਮਕ ਰਹੇਗਾ। ਵਿੱਤੀ ਵਰ੍ਹੇ 2024-25 ਵਿੱਚ ਵਿਕਾਸ ਦਰ 7 ਫੀਸਦ ਤੱਕ ਪਹੁੰਚਣ ਅਤੇ ਵਿੱਤੀ ਵਰ੍ਹੇ 2025-26 ਤੇ 2026-27 ਵਿੱਚ ਮਜ਼ਬੂਤ ਰਹਿਣ ਦਾ ਅਨੁਮਾਨ ਹੈ।’’ -ਪੀਟੀਆਈ