For the best experience, open
https://m.punjabitribuneonline.com
on your mobile browser.
Advertisement

ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ ਦੇ ਕੰਮ ਹਮੇਸ਼ਾ ਰਹਿਣਗੇ ਯਾਦ

07:53 AM Jul 09, 2023 IST
ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ ਦੇ ਕੰਮ ਹਮੇਸ਼ਾ ਰਹਿਣਗੇ ਯਾਦ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਜੁਲਾਈ
ਦੂਰ ਅੰਦੇਸ਼ੀ ਦੇ ਮਾਲਕ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਕਰਮ ਹਮੇਸ਼ਾ ਬੋਲਦੇ ਰਹਿਣਗੇ। ਪਿੰਡ ਕੋਟਲਾ ਭਾਈਕਾ ਵਿੱਚ ਪ੍ਰਿਤਪਾਲ ਸਿੰਘ ਤੇ ਮਾਤਾ ਰਣਧੀਰ ਕੌਰ ਦੇ ਘਰ ਜਨਮੇ ਬੀਰ ਦਵਿੰਦਰ ਸਿੰਘ ਵਿੱਚ ਮੁੱਢਲੀ ਸਿੱਖਿਆ ਤੋਂ ਹੀ ਕੁਝ ਕਰ ਗੁਜ਼ਰਨ ਦਾ ਜਜ਼ਬਾ ਸੀ। ਇਸੇ ਕਰ ਕੇ ਉਨ੍ਹਾਂ ਚੜ੍ਹਦੀ ਜਵਾਨੀ ’ਚ ਹੀ ਲੋਕ ਲਹਿਰਾਂ ’ਚ ਨਿੱਠ ਕੇ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸੇ ਕਰਕੇ ਉਹ 1971 ਤੋਂ 1977 ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹੇ ਤੇ ਲੋਕ ਸੇਵਾ ਵਿੱਚ ਯੋਗਦਾਨ ਪਾਉਂਦੇ ਰਹੇ। ਆਮ ਗ਼ਰੀਬ ਲੋਕਾਂ ਤੇ ਦੱਬੇ ਕੁਚਲੇ ਲੋਕਾਂ ਦੇ ਦਰਦ ਨੇੜਿਓਂ ਹੋ ਕੇ ਸੁਣਦੇ ਉਹ ਆਮ ਵੇਖੇ ਜਾਂਦੇ ਸਨ।
ਦੋ ਵਾਰ ਵਿਧਾਇਕ ਰਹੇ ਬੀਰ ਦਵਿੰਦਰ ਸਿੰਘ ਨੇ 1980 ਤੋਂ 1985 ਤੱਕ ਸਰਹਿੰਦ ਅਤੇ 2002 ਤੋਂ 2007 ਤੱਕ ਖਰੜ ਹਲਕੇ ਦੀ ਨੁਮਾਇੰਦਗੀ ਕੀਤੀ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਉਨ੍ਹਾਂ ਜ਼ਿਕਰਯੋਗ ਕੰਮ ਕੀਤਾ। ਬੀਰ ਦਵਿੰਦਰ ਸਿੰਘ ਦੀ ਦੂਰ ਅੰਦੇਸ਼ੀ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਸਿਹਤ ਤੇ ਸਿੱਖਿਆ ਵਿੱਚ ਵੱਡੇ ਕੰਮ ਕੀਤੇ ਹਨ। ਖਰੜ ਇਲਾਕੇ ਦੇ ਲੋਕ ਅੱਜ ਵੀ ਜਾਣਦੇ ਹਨ ਕਿ ਜਦੋਂ ਇਸ ਇਲਾਕੇ ’ਚ ਸਕੂਲ ਨਹੀਂ ਸੀ ਤਾਂ ਉਨ੍ਹਾਂ ਇਥੇ ‘ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ’ ਬਣਵਾਇਆ। ਇਸ ਸਕੂਲ ਵਿੱਚ ਦਾਖ਼ਲੇ ਦੀ ਵੇਟਿੰਗ ਚੱਲਦੀ ਹੈ ਤੇ ਇਹ ਛੇਤੀ ਹੀ ‘ਸਕੂਲ ਆਫ਼ ਐਮੀਨੈਂਸ’ ਬਣਨ ਜਾ ਰਿਹਾ ਹੈ। ਮੁੁਹਾਲੀ ਜ਼ਿਲ੍ਹਾ ਅਤੇ ਗਮਾਡਾ ਬਣਾਉਣ ਵਿੱਚ ਵੀ ਬੀਰ ਦਵਿੰਦਰ ਦੀ ਜ਼ਿਕਰਯੋਗ ਭੂਮਿਕਾ ਰਹੀ ਹੈ। ਜਦੋਂ ਮੁਹਾਲੀ ਹਵਾਈ ਅੱਡਾ ਬਣਨ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਬਣਤਰ ਲਈ ਵੱਡੇ ਸੁਝਾਅ ਦਿੱਤੇ।
ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਿੱਠ ਕੇ ਲੜਨ ਅਤੇ ਬੇਖ਼ੌਫ ਟਿੱਪਣੀਆਂ ਕਰਨ ਕੇ ਉਨ੍ਹਾਂ ਨੂੰ ਕਈ ਵਾਰ ਘਾਟੇ ਵੀ ਝੱਲਣੇ ਪਏ। ਜੇਸੀਟੀ ਮੁਹਾਲੀ ਵਿੱਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ ਉਨ੍ਹਾਂ ਹੀ ਚੁੱਕਿਆ ਸੀ, ਜਿਸ ਵਿੱਚ ਉਨ੍ਹਾਂ ਤਤਕਾਲੀਨ ਮੁੱਖ ਮੰਤਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਸੀ। ਉਨ੍ਹਾਂ ਦੀਆਂ ਬੇਬਾਕ ਟਿੱਪਣੀਆਂ ਕਰ ਕੇ ਕਈ ਵਾਰ ਉਨ੍ਹਾਂ ਦੇ ਮਿੱਤਰ ਵੀ ਖਫ਼ਾ ਹੋਏ, ਪਰ ਉਹ ਆਪਣੇ ਅਸੂਲਾਂ ’ਤੇ ਕਾਇਮ ਰਹੇ। ਉਹ ਵੱਡੇ ਲਿਖਾਰੀਆਂ ਨੂੰ ਪੜ੍ਹਨ ਦੇ ਸ਼ੌਕੀਨ ਸਨ ਤੇ ਪੰਜ ਮਿੰਟ ਦਾ ਭਾਸ਼ਣ ਦੇਣ ਲਈ ਪੰਜਾਹ ਸਫ਼ੇ ਪੜ੍ਹਨ ਦੇ ਆਦੀ ਸਨ। ਬੀਰ ਦਵਿੰਦਰ ਸਿੰਘ ਨੂੰ ਫ਼ਾਰਸੀ ਤੇ ਉਰਦੂ ਸਾਹਿਤ ਦਾ ਵਿਸ਼ੇਸ਼ ਗਿਆਨ ਸੀ ਤੇ ਸਾਰੇ ਉਨ੍ਹਾਂ ਦੀ ਵਿਦਵਤਾ ਦੇ ਕਾਇਲ ਸਨ। ਉਨ੍ਹਾਂ ਦੀ ਵਿਦਵਤਾ ਕਾਰਨ ਹੀ ਇਹ ਸਮਝਿਆ ਜਾਂਦਾ ਸੀ ਕਿ ਉਹ ਪੰਜਾਬ ਦੇ ਵੱਡੇ ਆਗੂ ਬਣ ਸਕਦੇ ਸਨ, ਪਰ ਤਲਖ਼ ਹਕੀਕਤ ਇਹ ਵੀ ਹੈ ਕਿ ਸਿਆਸਤ ਵਿਦਵਾਨਾਂ ਨੂੰ ਜ਼ਿਆਦਾ ਪ੍ਰਵਾਨ ਨਹੀਂ ਕਰਦੀ। ਉੁਹ ਇੱਕ ਦਾਨਿਸ਼ਵਰ ਸਿਆਸਤਦਾਨ ਸਨ।
ਇਸ ਵਿਦਵਾਨ ਸਿਆਸਤਦਾਨ ਦੇ ਚਲੇ ਜਾਣ ਨਾਲ ਕਈ ਅੱਖਾਂ ਨਮ ਹੋਈਆਂ, ਪਰ ਯਾਦ ਬਣੀ ਰਹੇਗੀ। ਇਨ੍ਹਾਂ ਦੇ ਪਰਿਵਾਰ ’ਚ ਪਿੱਛੇ ਪਤਨੀ ਨਵਜੋਤ ਕੌਰ, ਪੁੱਤਰ ਐਡਵੋਕੇਟ ਅਨੰਤਵੀਰ ਸਿੰਘ ਸਰਾਓ, ਪੁੱਤਰੀਆਂ ਦਿਵਜੋਤ ਕੌਰ, ਗਗਨਦੀਪ ਕੌਰ ਤੇ ਅਨੰਦਜੀਤ ਕੌਰ ਅਤੇ ਭਰਿਆ ਭਕੁਨਾ ਪਰਿਵਾਰ ਛੱਡ ਗਏ ਹਨ। ਅੱਜ 9 ਜੁਲਾਈ ਨੂੰ 12 ਵਜੇ ਤੋਂ ਡੇਢ ਵਜੇ ਤੱਕ ਇਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਚ ਹੋਵੇਗਾ।

Advertisement

Advertisement
Tags :
Author Image

sukhwinder singh

View all posts

Advertisement
Advertisement
×