ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੀ ਪਹੁੰਚੇ ਜਥੇਦਾਰ ਹਰਪ੍ਰੀਤ ਸਿੰਘ ਕੋਲ
ਪੱਤਰ ਪ੍ਰੇਰਕ
ਤਲਵੰਡੀ ਸਾਬੋ, 17 ਅਕਤੂਬਰ
ਇੱਥੇ ਅੱਜ ਸ਼ਾਮ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਭੂੰਦੜ ਨੇ ਸਿੰਘ ਸਾਹਿਬ ਨਾਲ ਹੋਈ ਗੱਲਬਾਤ ਦੱਸਣ ਤੋਂ ਟਾਲਾ ਵੱਟਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਸਾਡੇ ਲਈ ਸਰਵਉੱਚ ਤੇ ਸਨਮਾਨਯੋਗ ਹਨ। ਇਸ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਉਨ੍ਹਾਂ ਵਿਰਸਾ ਸਿੰਘ ਵਲਟੋਹਾ ਵਾਲੇ ਘਟਨਾਕ੍ਰਮ ਦੀ ਸਖ਼ਤ ਨਿੰਦਾ ਕਰਦਿਆਂ ਪਾਰਟੀ ਵੱਲੋਂ ਖਿਮਾ ਜਾਚਨਾ ਕਰਨ ਬਾਰੇ ਵੀ ਦੱਸਿਆ। ਸਿੰਘ ਸਾਹਿਬ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ’ਤੇ ਵਲਟੋਹਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਕੀਤੇ ਸਵਾਲ ਦਾ ਜਵਾਬ ਦੇਣ ਤੋਂ ਉਹ ਟਾਲਾ ਵੱਟ ਗਏ। ਸ੍ਰੀ ਭੂੰਦੜ ਨੇ ਕਿਹਾ ਕਿ ਹੁਣ ਵਲਟੋਹਾ ਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਰਿਹਾ। ਅਕਾਲੀ ਆਗੂਆਂ ਵੱਲੋਂ ਵਲਟੋਹਾ ਦੇ ਹੱਕ ਵਿੱਚ ਦਿੱਤੇ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੀਮਾ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਦੇਰ ਰਾਤ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਉਪਰੰਤ ਸ੍ਰੀ ਚੀਮਾ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਸਿੱਖ ਪੰਥ ਦੇ ਵੱਡੇ ਵਿਦਵਾਨ ਹਨ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ ਤੇ ਦਿਲੋਂ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਜੇ ਕਿਸੇ ਨੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਿੰਦਣਯੋਗ ਹੈ।