ਮੁੱਖ ਮੰਤਰੀ ਦਫ਼ਤਰ ਦੇ ਨਵੇਂ ਇੰਚਾਰਜਾਂ ਦੇ ਘਰ ਡੇਰੇ ਲਾਉਣ ਲੱਗੇ ਵਰਕਰ
ਬੀਰਬਲ ਰਿਸ਼ੀ
ਧੂਰੀ, 29 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਦੇ ਨਵ-ਨਿਯੁਕਤ ਇੰਚਾਰਜ ਅਤੇ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਪਾਰਟੀ ਵੱਲੋਂ ਮਿਲੀ ਸਿਆਸੀ ਸ਼ਕਤੀ ਮਗਰੋਂ ਹੁਣ ਹਲਕਾ ਧੂਰੀ ਨਾਲ ਸਬੰਧਤ ਪਾਰਟੀ ਦੇ ਆਗੂ ਤੇ ਵਰਕਰਾਂ ਦੀਆਂ ਗੱਡੀਆਂ ਦੇ ਕਾਫ਼ਲੇ ਉਕਤ ਆਗੂਆਂ ਦੇ ਘਰਾਂ ਵੱਲ ਵਹੀਰਾਂ ਘੱਤਣ ਲੱਗੇ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਪਾਰਟੀ ਆਗੂਆਂ ਵੱਲੋਂ ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਜ਼ੱਦੀ ਪਿੰਡ ਸਲੇਮਪੁਰ ’ਚ ਮਿਲਣ ਲਈ ਤਾਂਤਾਂ ਲੱਗਿਆ ਰਿਹਾ। ਪਿੰਡਾਂ ਦੇ ਆਗੂ ਵਰਕਰਾਂ ਨੇ ਆਪੋ ਆਪਣੀਆਂ ਸਮੱਸਿਆਵਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸੁਝਾਅ ਵੀ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਹਲਕਾ ਧੂਰੀ ਦੇ ਸਰਕਾਰੀ ਦਫ਼ਤਰਾਂ ਅੰਦਰ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਚਾਇਤੀ ਚੋਣ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਲਈ ਆਖਿਆ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਤੇ ਦਫ਼ਤਰ ਇੰਚਾਰਜ ਰਾਜਵੰਤ ਸਿੰਘ ਘੁੱਲੀ ਵਰਕਰਾਂ ਆਗੂਆਂ ਨੂੰ ਆਪਣੇ ਘਰ ਮਿਲਣ ਮਗਰੋਂ ਐਤਵਾਰ ਦੇ ਬਾਵਜੂਦ ਅੱਜ ਧੂਰੀ ਦਫ਼ਤਰ ਪੁੱਜੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਦੁਪਹਿਰ ਤੋਂ ਪਹਿਲਾਂ ਉਨ੍ਹਾਂ ਹਲਕਾ ਧੂਰੀ ਅੰਦਰ ਕਈ ਭੋਗ ਸਮਾਗਮਾਂ ਵਿੱਚ ਹਿੱਸਾ ਲਿਆ।
ਸ੍ਰੀ ਘੁੱਲੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਕਿਹਾ ਕਿ ਪੰਚਾਇਤੀ ਚੋਣ ਦੇ ਮੱਦੇਨਜ਼ਰ ਪਾਰਟੀ ਦੇ ਆਗੂ ਵਰਕਰਾਂ ਅਤੇ ਲੋਕਾਂ ਨੁੰ ਕੋਈ ਸਮੱਸਿਆ ਨਾ ਆਵੇ ਇਸ ਲਈ ਕੋਈ ਐਤਵਾਰ ਜਾਂ ਹੋਰ ਛੁੱਟੀ ਨਹੀਂ ਸਗੋਂ ਧੂਰੀ ਦਫ਼ਤਰ ਲੋਕਾਂ ਲਈ 24 ਘੰਟੇ ਖੁੱਲ੍ਹਾ ਰਹੇਗਾ।
ਉਨ੍ਹਾਂ ਕਿਸੇ ਕਾਰਨ ਸਿਆਸੀ ਕੰਮ ਛੱਡੀਂ ਘਰਾਂ ’ਚ ਬੈਠੇ ਪਾਰਟੀ ਦੇ ਆਗੂ ਵਰਕਰਾਂ ਨੂੰ ਦਫਤਰ ਆ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿੱਚ ਜਿੱਥੇ ਵਰਕਰਾਂ ਦੇ ਸੁਝਾਅ ਪ੍ਰਾਪਤ ਕੀਤੇ ਜਾਣਗੇ ਅਤੇ ਉਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।