ਕੜਾਕੇ ਦੀ ਠੰਢ ਵਿੱਚ ਮਜ਼ਦੂਰਾਂ ਨੇ ਸੰਘਰਸ਼ ਭਖਾਇਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜਨਵਰੀ
ਕੜਾਕੇ ਦੀ ਠੰਢ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ. (ਐਮ. ਐਲ) ਲਬਿਰੇਸ਼ਨ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਬੁਲਾਰਿਆਂ ਨੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਲਾਮਬੰਦੀ ਕਰਨ ਦਾ ਸੱਦਾ ਦਿੱਤਾ।
ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ. (ਐੱਮ.ਐੱਲ) ਲਬਿਰੇਸ਼ਨ ਦੇ ਝੰਡੇ ਹੇਠ ਵੱਡੀ ਤਾਦਾਦ ’ਚ ਮਜ਼ਦੂਰ ਨੈਸ਼ਨਲ ਹਾਈਵੇਅ-7 ਦੇ ਪਟਿਆਲਾ-ਸੰਗਰੂਰ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ ਜਿੱਥੋਂ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਗੇਟ ਅੱਗੇ ਪੁੱਜੇ ਜਿੱਥੇ ਪੁਲੀਸ ਨੇ ਸਖਤ ਨਾਕੇਬੰਦੀ ਕਰ ਕੇ ਰੋਕ ਲਿਆ। ਮਜ਼ਦੂਰਾਂ ਨੇ ਉੱਥੇ ਹੀ ਆਵਾਜਾਈ ਠੱਪ ਕਰਦਿਆਂ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਤੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਜਿਥੇ ਮੋਦੀ ਸਰਕਾਰ ਨੇ ਮਜ਼ਦੂਰਾਂ ਖਿਲਾਫ ਕਾਲੇ ਕਿਰਤ ਕਾਨੂੰਨਾਂ ਤਹਿਤ ਕੰਮ ਦੇ ਅੱਠ ਘੰਟੇ ਦੀ ਬਜਾਏ ਬਾਰਾਂ ਘੰਟੇ ਕੰਮ ਦੀ ਦਿਹਾੜੀ ਕਰ ਦਿੱਤੀ ਹੈ ਉਥੇ ਪੰਜਾਬ ਸਰਕਾਰ ਨੇ ਮਜ਼ਦੂਰ ਵਿਰੋਧੀ ਕਾਨੂੰਨ ਦੇ ਹੱਕ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮਸ਼ੀਨੀਕਰਨ ਦੇ ਦੌਰ ਵਿੱਚ ਜਦੋਂ ਉਤਪਾਦਨ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਅਜਿਹੇ ਸਮੇਂ ਕੰਮ ਦੀ ਦਿਹਾੜੀ ਛੇ ਘੰਟੇ ਕਰਕੇ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪਰਸ਼ੋਤਮ ਸ਼ਰਮਾ, ਕਾਮਰੇਡ ਗੁਰਮੀਤ ਸਿੰਘ ਬਖਤੂਪੁਰਾ, ਰਾਜਵਿੰਦਰ ਰਾਣਾ, ਹਰਭਗਵਾਨ ਭੀਖੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਛੱਜਲਵੱਡੀ ਤੇ ਵਿਜੇ ਭੀਖੀ ਆਦਿ ਨੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਮਨਰੇਗਾ ਕਾਨੂੰਨ ਤਹਿਤ ਦੌ ਸੌ ਦਿਨ ਕੰਮ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ, ਕਾਨੂੰਨਣ ਕੰਮ ਦਿਹਾੜੀ ਛੇ ਘੰਟੇ ਕੀਤੀ ਜਾਵੇ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਵੇ, ਦਲਿਤਾਂ ਤੇ ਹੋ ਰਹੇ ਜਬਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਦਿ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਗੁਰਨਾਮ ਸਿੰਘ ਭੀਖੀ, ਬਿੰਦਰ ਕੌਰ ਉੱਡਤ, ਭਗਤ ਰਾਮ, ਤਰਸੇਮ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਦਾਨੇਵਾਲਾ, ਘੁਮੰਤ ਸਿੰਘ ਖਾਲਸਾ, ਵਿਜੇ ਸੋਹਲ, ਬਿੱਟੂ ਖੋਖਰ, ਸ਼ਿੰਦਰ ਕੌਰ ਹਰੀਗੜ੍ਹ, ਸਵਰਨ ਸਿੰਘ ਜੰਗੀਆਣਾ ਆਦਿ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਗੁਰਮੀਤ ਨੰਦਗੜ੍ਹ ਨੇ ਕੀਤਾ। ਪੰਜਾਬ ਕਿਸਾਨ ਯੂਨੀਅਨ ਵੱਲੋਂ ਮਜ਼ਦੂਰਾਂ ਲਈ ਚਾਹ ਦਾ ਲੰਗਰ ਲਗਾਇਆ ਗਿਆ। ਡਿਊਟੀ ਮੈਜਿਸਟ੍ਰੇਟ ਵਲੋਂ ਧਰਨੇ ’ਚ ਪੁੱਜ ਕੇ ਮੰਗ ਪੱਤਰ ਲਿਆ।