ਸਹਿਕਾਰੀ ਸਭਾਵਾਂ ਦੇ ਕਾਮਿਆਂ ਨੇ ਅਧਿਕਾਰੀ ਬੈਂਕ ਅੰਦਰ ਡੱਕੇ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਅਕਤੂਬਰ
ਜ਼ਿਲ੍ਹਾ ਮਾਲੇਰਕੋਟਲਾ ਦੀਆਂ ਵੱਖ-ਵੱਖ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਅਤੇ ਕਮੇਟੀਆਂ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੀ ਮਾਲੇਰਕੋਟਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਬਨਭੌਰਾ ਦੀ ਅਗਵਾਈ ਹੇਠ ਸੰਗਰੂਰ ਸੈਂਟਰਲ ਕੋ-ਆਪਰੇਟਿਵ ਬੈਂਕ ਦੀ ਮਾਲੇਰਕੋਟਲਾ ਸ਼ਾਖਾ ਅੱਗੇ ਧਰਨਾ ਦਿੱਤਾ। ਇਸ ਦੌਰਾਨ ਸਹਿਕਾਰੀ ਸਭਾਵਾਂ ਦੇ ਕਾਮਿਆਂ ਤੇ ਕਿਸਾਨਾਂ ਨੇ ਸਹਿਕਾਰੀ ਬੈਂਕ ਦਾ ਦਰਵਾਜ਼ਾ ਬੰਦ ਕਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਡੀਜ਼ਲ ਖ਼ਰੀਦਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਕਰਜ਼ੇ ਦੀ ਰੱਖੀ ਸੀਮਾ ਖ਼ਤਮ ਕੀਤੀ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਧਰਨੇ ਦੀ ਹਮਾਇਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬਨਭੌਰਾ ਨੇ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਪੈਟਰੋਲ ਪੰਪਾਂ ਤੋਂ ਡੀਜ਼ਲ ਖ਼ਰੀਦਣ ਲਈ ਪ੍ਰਤੀ ਏਕੜ 2500 ਰੁਪਏ ਦੀ ਰੱਖੀ ਸੀਮਾ ਖ਼ਤਮ ਕੀਤੀ ਜਾਵੇ, ਸਭਾਵਾਂ ਦੇ ਨਵੇਂ ਬਣੇ ਮੈਂਬਰਾਂ ਲਈ ਖਾਦ ਦੇ ਕਰਜ਼ੇ ਪਾਸ ਕਰਕੇ ਚੈੱਕ ਬੁੱਕਾਂ ਜਾਰੀ ਕੀਤੀਆਂ ਜਾਣ ਅਤੇ ਸਹਿਕਾਰੀ ਮੈਂਬਰਾਂ ਦੇ ਐੱਸਟੀ ਕਰਜ਼ਿਆਂ ’ਤੇ ਪਾਸ ਐੱਮਐੱਸ ਚਾਰਜ ਅਤੇ ਸਭਾਵਾਂ ਦੀ ਅਦਾਇਗੀ ਕਰਨ ਸਮੇਂ ਬਿੱਲਾਂ ਦੀ ਮੰਗ ਬੰਦ ਕੀਤੀ ਜਾਵੇ। ਮਸਲੇ ਦੇ ਹੱਲ ਲਈ ਸੰਗਰੂਰ ਸੈਂਟਰਲ ਕੋ-ਆਪਰੇਟਿਵ ਬੈਂਕ ਦੇ ਸਥਾਨਕ ਸ਼ਾਖਾ ’ਚ ਪੁੱਜੇ ਏਡੀਸੀ ਗੁਰਮੀਤ ਕੁਮਾਰ ਅਤੇ ਡੀਐੱਸਪੀ ਕੁਲਦੀਪ ਸਿੰਘ ਦੇ ਯਤਨਾਂ ਨੂੰ ਵੀ ਬੂਰ ਨਹੀਂ ਪਿਆ। ਜਾਣਕਾਰੀ ਅਨੁਸਾਰ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਅਤੇ ਕਿਸਾਨਾਂ ਨੇ ਛੇ ਵਜੇ ਦੇ ਕਰੀਬ ਸੰਗਰੂਰ ਸੈਂਟਰਲ ਕੋ-ਆਪਰੇਟਿਵ ਬੈਂਕ ਦਾ ਦਰਵਾਜ਼ਾ ਬੰਦ ਕਰ ਦਿੱਤਾ। ਇਸ ਦੌਰਾਨ ਕਾਮਿਆਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਲੀ ਹੈ।
ਬੈਂਕ ਅਧਿਕਾਰੀ, ਸਿਵਲ ਅਧਿਕਾਰੀ ਅਤੇ ਪੁਲੀਸ ਅਧਿਕਾਰੀ ਬੈਂਕ ਅੰਦਰ ਹੀ ਬੈਠੇ ਸਨ। ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਬੈਂਕ ਦਾ ਦਰਵਾਜ਼ਾ ਬੰਦ ਸੀ ਤੇ ਬੈਂਕ ਅੱਗੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਅਤੇ ਕਿਸਾਨਾਂ ਦਾ ਧਰਨਾ ਜਾਰੀ ਸੀ।