ਕੁੱਟਮਾਰ ਵਿੱਚ ਜ਼ਖ਼ਮੀ ਹੋਏ ਮਜ਼ਦੂਰ ਦੀ ਇਲਾਜ ਦੌਰਾਨ ਮੌਤ
ਪਵਨ ਗੋਇਲ
ਭੁੱਚੋ ਮੰਡੀ, 4 ਅਗਸਤ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਕੁੱਝ ਵਿਅਕਤੀਆਂ ਵੱਲੋਂ ਚੋਰੀ ਦੇ ਸ਼ੱਕ ਹੇਠ ਮਜ਼ਦੂਰ ਗੁਰਲਾਭ ਸਿੰਘ (28) ਪੁੱਤਰ ਬਿੰਦਰ ਸਿੰਘ ਦੀ ਕੀਤੀ ਕਥਿਤ ਕੁੱਟਮਾਰ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਸਣੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਅਗਵਾਈ ਵਿੱਚ ਭੁੱਚੋ ਮੰਡੀ ਦੀ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਐਸਸੀਐਸਟੀ ਧਾਰਾ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਨਥਾਣਾ ਦੇ ਐਸਐਚਓ ਜਸਵੀਰ ਸਿੰਘ ਅਤੇ ਚੌਂਕੀ ਇੰਚਾਰਜ਼ ਗੁਰਮੇਜ਼ ਸਿੰਘ ਵੱਲੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ ਸੀ ਪਰ ਪੁਲੀਸ ਦੀ ਕਾਰਵਾਈ ਤੋਂ ਅਸੰਤੁਸ਼ਟ ਧਰਨਾਕਾਰੀ ਨੇ ਮੁੜ ਚੌਕੀ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਜੋ ਦੇਰ ਸ਼ਾਮ ਤੱਕ ਧਰਨਾ ਜਾਰੀ ਸੀ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਪੁਲੀਸ ਅਸਲ ਕਹਾਣੀ ਲਿਖਣ ਦੀ ਬਜਾਇ ਆਪਣੇ ਹੀ ਢੰਗ ਨਾਲ ਕੇਸ ਦਰਜ ਕਰਨਾ ਚਾਹੁੰਦੀ ਹੈ, ਜੋ ਮਜ਼ਦੂਰ ਵਰਗ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਇਸ ਨੂੰ ਹੋਰ ਤਿੱਖਾ ਕਰਨਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 22 ਜੁਲਾਈ ਦੀ ਰਾਤ ਨੂੰ ਪਿੰਡ ਦੀ ਦੁਕਾਨ ਵਿੱਚ ਚੋਰੀ ਹੋ ਗਈ ਸੀ। ਦੁਕਾਨਦਾਰ ਅਤੇ ਉਸ ਦੇ ਸਾਥੀਆਂ ਨੇ ਅਗਲੀ ਰਾਤ ਮਜ਼ਦੂਰ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਲਈ ਚੌਕੀ ਇੰਚਾਰਜ ਨਾਲ ਕਈ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।