ਸਰਕਾਰੀ ਕਾਲਜ ਦੇ ਸਾਇੰਸ ਬਲਾਕ ਦਾ ਕੰਮ 11 ਸਾਲ ਤੋਂ ਲਟਕਿਆ
ਦੀਪਕ ਠਾਕੁਰ
ਤਲਵਾੜਾ, 10 ਅਕਤੂਬਰ
ਕੰਢੀ ਖ਼ੇਤਰ ’ਚ ਉਚੇਰੀ ਸਿੱਖਿਆ ਦੇ ਚਾਨਣ ਮੁਨਾਰੇ ਵਜੋਂ ਸਥਾਪਤ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਅਧਿਆਪਕਾਂ ਅਤੇ ਬੁਨਿਆਦੀ ਸੁਵਿਧਾਵਾਂ ਤੋਂ ਸੱਖਣਾ ਹੈ। ਕਾਲਜ ’ਚ ਇਸ ਸਮੇਂ ਕੋਈ ਵੀ ਅਧਿਆਪਕ ਰੈਗੂਲਰ ਨਹੀਂ ਹੈ। ਐਡਹਾਕ ਅਤੇ ਗੈਸਟ ਫੈਕਲਟੀ ਲੈਕਚਰਾਰਾਂ ਦੀਆਂ ਤਨਖ਼ਾਹਾਂ ਦਾ ਬੋਝ ਵਿਦਿਆਰਥੀ ਚੁੱਕ ਰਹੇ ਹਨ। ਉਚੇਰੀ ਸਿੱਖਿਆ ਹਾਸਲ ਕਰ ਰਹੇ ਹਰ ਵਿਦਿਆਰਥੀ ਨੂੰ ਸਾਲਾਨਾ ਢਾਈ ਹਜ਼ਾਰ ਰੁਪਏ ਵਾਧੂ ਦੇਣੇ ਪੈ ਰਹੇ ਹਨ। ਕਾਲਜ ’ਚ ਵਿਦਿਆਰਥੀਆਂ ਦੀ ਗਿਣਤੀ 1740 ਹੈ ਅਤੇ ਮਨਜ਼ੂਰਸ਼ੁਦਾ 36 ਅਧਿਆਪਕ ਪੋਸਟਾਂ ’ਚੋਂ 6 ਖਾਲੀ ਹਨ। ਸਾਇੰਸ ਬਲਾਕ ਦੀ ਇਮਾਰਤ ਅਧੂਰੀ ਪਈ ਹੋਈ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਾਲਜ ’ਚ ਇੱਕ ਸਰੀਰਿਕ ਸਿੱਖਿਆ ਦੀ ਅਸਾਮੀ ਹੈ ਜਦਕਿ ਕੋਈ ਕੋਚ ਨਹੀਂ ਹੈ। ਸਾਲ 2012 ’ਚ ਸ੍ਰੀ ਬਾਦਲ ਵੱਲੋਂ ਨਵੇਂ ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਨ ਉਪਰੰਤ 26 ਸਾਲ ਬਾਅਦ ਕਾਲਜ ਨੂੰ ਆਪਣੀ ਇਮਾਰਤ ਨਸੀਬ ਹੋਈ ਸੀ। 11 ਸਾਲ ਬੀਤਣ ਬਾਅਦ ਵੀ ਕਾਲਜ ’ਚ ਸਾਇੰਸ ਬਲਾਕ ਦਾ ਕੰਮ ਅਧੂਰਾ ਪਿਆ ਹੋਇਆ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਲਜ ’ਚ ਇਸ ਵਕਤ ਕੋਈ ਵੀ ਰੈਗੂਲਰ ਅਧਿਆਪਕ ਨਹੀਂ ਹੈ। ਕਾਲਜ ’ਚ 1740 ਵਿਦਿਆਰਥੀਆਂ ਵਿੱਚੋਂ 1300 ਦੇ ਕਰੀਬ ਲੜਕੀਆਂ ਹਨ। ਵਿਦਿਆਰਥੀਆਂ ਦੀ ਗਿਣਤੀ ਦੇ ਮੁਤਾਬਕ ਕਾਲਜ ’ਚ ਅਧਿਆਪਕਾਂ ਦੀ ਕੁੱਲ 45 ਪੋਸਟਾਂ ਲੋੜੀਂਦੀਆਂ ਹਨ। ਖਾਲੀ ਤੇ ਹੋਰ ਅਸਾਮੀਆਂ ਦੀ ਮੰਗ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਉਨ੍ਹਾਂ ਕਈ ਪੱਤਰ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਲਿਖੇ ਹਨ। ਸਾਇੰਸ ਬਲਾਕ ਦੀ ਇਮਾਰਤ ਅਧੂਰੀ ਹੋਣ ਕਾਰਨ ਵਿਦਿਆਰਥੀਆਂ ਦੇ ਬੈਠਣ ਦੀ ਬਹੁਤ ਜ਼ਿਆਦਾ ਸਮੱਸਿਆ ਹੈ। ਹਰ ਮਹੀਨੇ ਕਰੀਬ ਤਿੰਨ ਲੱਖ ਰੁਪਇਆ ਪੀਟੀਏ ਫੰਡ ’ਚੋਂ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਤਨਖ਼ਾਹਾਂ ’ਚ ਬਣਦੇ ਯੋਗਦਾਨ ਵਜੋਂ ਖਰਚ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਵਾਸਤੇ ਘੱਟੋ ਘੱਟ ਦੋ ਸਰੀਰਿਕ ਸਿੱਖਿਆ ਅਧਿਆਪਕਾਂ ਸਮੇਤ ਦੋ ਕੋਚਾਂ ਦੀ ਲੋੜ ਹੈ। ਇਸ ਮਾਮਲੇ ਸਬੰਧੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਨਹੀਂ ਹੋ ਸਕਿਆ।