ਲੋਕ ਰੋਹ ਕਾਰਨ ਗੈਸ ਫੈਕਟਰੀ ਦਾ ਕੰਮ ਬੰਦ ਹੋਇਆ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 12 ਜੁਲਾਈ
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਇਲਾਕੇ ਦੇ ਪਿੰਡ ਦੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਲਕਾਂ ਵੱਲੋਂ ਪਿੰਡ ਕੰਧਾਲਾ ਗੁਰੂ ਨਜ਼ਦੀਕ ਬਾਇਓ ਸੀਐਨਜੀ ਬਣਾਉਣ ਦੀ ਲੱਗ ਰਹੀ ਫੈਕਟਰੀ ਦੇ ਕੰਮ ਨੂੰ ਰੋਕ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਲਕਾਂ ਨੇ ਦੋ ਸਾਲ ਪਹਿਲਾਂ ਪਿੰਡ ਕੰਧਾਲਾ ਗੁਰੂ ਨਜ਼ਦੀਕ 10 ਏਕੜ ਜ਼ਮੀਨ ਰਾਜਾ ਪੁੱਤਰ ਸੰਤੋਖ ਸਿੰਘ ਪਾਸੋਂ ਖ਼ਰੀਦੀ ਗਈ ਸੀ। ਇਸ ਜਗ੍ਹਾ ਵਿੱਚ ਜਦੋਂ ਚਾਰ ਵੱਡੇ ਖੂਹ ਬਣਾ ਕੇ ਉਨ੍ਹਾਂ ਵਿੱਚ ਬੋਰ ਕਰ ਕੇ ਫੈਕਟਰੀ ਦਾ ਪਾਣੀ ਧਰਤੀ ਹੇਠ ਪਾਉਣ ਲਈ ਕੰਮ ਚਲ ਰਿਹਾ ਸੀ ਤਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਅਤੇ ਇਲਾਕੇ ਦੀਆਂ ਪਿੰਡਾਂ ਰੋਹਜੜੀ, ਜੱਲੋਵਾਲ, ਗੜੀਬਖਸਾ, ਬਾਹੋਪੁਰ, ਘੁੱਗ, ਸੁਦਾਣਾ, ਮਰੀਦਪੁਰ, ਐਮਾਂ, ਚਕਰਾਲਾ ਦੋਦਾ ਤਲਵੰਡੀ, ਸੱਤੋਵਾਲੀ ਦੇ ਲੋਕਾਂ ਨੇ ਫੈਕਟਰੀ ਲੱਗਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਮੁਕੇਸ਼ ਚੰਦਰ ਨੇ ਕਿਹਾ ਕਿ ਇਹ ਪੇਂਡੂ ਇਲਾਕਾ ਸਨਅਤੀ ਜ਼ੋਨ ਵਿੱਚ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਾਇਓ ਸੀਐਨਜੀ ਜੇ ਲੀਕ ਹੋ ਗਈ ਤਾਂ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਫੈਕਟਰੀ ਦਾ ਪਾਣੀ ਧਰਤੀ ਹੇਠ ਜਾਣ ਨਾਲ ਇਲਾਕੇ ਵਿੱਚ ਪੀਣ ਵਾਲਾ ਪਾਣੀ ਘਾਤਕ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਜੇ ਸਰਕਾਰ ਨੇ ਲੱਗ ਰਹੀ ਫੈਕਟਰੀ ਨੂੰ ਬੰਦ ਨਾ ਕੀਤਾ ਤਾਂ ਕੌਮੀ ਮਾਰਗ ’ਤੇ ਅਣਮਿਥੇ ਸਮੇਂ ਤੱਕ ਧਰਨਾ ਦਿੱਤਾ ਜਾਵੇਗਾ।