ਕੰਪਨੀ ਵੱਲੋਂ ਲਗਾਏ ਸੁਆਹ ਦੇ ਢੇਰ ਚੁਕਵਾਉਣ ਦਾ ਕੰਮ ਸ਼ੁਰੂ
ਜਗਮੋਹਨ ਸਿੰਘ
ਘਨੌਲੀ, 21 ਫਰਵਰੀ
ਪਿੰਡ ਮਲਿਕਪੁਰ ਵਿਖੇ ਫਲਾਈਓਵਰ ਦਾ ਉਸਾਰਲੀ ਕਰ ਰਹੀ ਓਇਸਿਸ ਕੰਪਨੀ ਵੱਲੋਂ ਘਨੌਲੀ ਰੂਪਨਗਰ ਮਾਰਗ ’ਤੇ ਪੈਂਦੇ ਪਿੰਡ ਸਿੰਘਪੁਰਾ ਵਿੱਚ ਇੱਕ ਧਾਰਮਿਕ ਅਸਥਾਨ ਦੇ ਬਿਲਕੁਲ ਸਾਹਮਣੇ ਕੌਮੀ ਮਾਰਗ ਦੇ ਕਿਨਾਰੇ ਲਗਾਏ ਗਏ ਸੁਆਹ ਦੇ ਢੇਰਾਂ ਨੁੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੁਕਵਾਏ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੌਮੀ ਮਾਰਗ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਆਹ ਤੋਂ ਪੈਦਾ ਹੋ ਰਹੀਆਂ ਮੁਸ਼ਕਲਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਪ੍ਰਦੂਸ਼ਣ ਬੋਰਡ ਰੂਪਨਗਰ ਦੀ ਟੀਮ ਵੱਲੋਂ ਮੌਕਾ ਦੇਖਿਆ ਗਿਆ, ਜਿਸ ਦੌਰਾਨ ਖੁੱਲ੍ਹੇ ਅਸਮਾਨ ਹੇਠ ਨੰਗੇ ਪਏ ਸੁਆਹ ਦੇ ਢੇਰਾਂ ਤੋਂ ਵੱਡੇ ਪੱਧਰ ਤੇ ਸੁਆਹ ਉੱਡ ਰਹੀ ਸੀ। ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਕੋਲ ਓਇਸਿਸ ਕੰਪਨੀ ਦੇ ਨੁੰਮਾਇੰਦਿਆਂ ਵੱਲੋਂ ਸੁਆਹ ਦੇ ਢੇਰਾਂ ਤੇ ਲਗਾਤਾਰ ਪਾਣੀ ਛਿੜਕਣ ਦਾ ਦਾਅਵਾ ਕੀਤਾ ਗਿਆ, ਪਰ ਉਹ ਸੁਆਹ ਨੂੰ ਉੱਡਣ ਤੋਂ ਰੋਕਣ ਲਈ ਬੇਬਸ ਨਜ਼ਰ ਆ ਰਹੇ ਸਨ, ਜਿਸ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਿਹਤ ਤੇ ਹੋਰ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਆਹ ਦੇ ਡੰਪ ਨੂੰ ਬੰਦ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆ ਮੌਕਾ ਵੇਖਣ ਆਏ ਐੱਸਡੀਓ ਚਰਨਜੀਤ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕਾ ਦੇਖਣ ਉਪਰੰਤ ਕੰਪਨੀ ਦੀ ਸਾਈਟ ਨੂੰ ਬੰਦ ਕਰਨ ਲਈ ਮੁੱਖ ਵਾਤਾਵਰਨ ਇੰਜਨੀਅਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।