ਭੁਨਰਹੇੜੀ ਗਰਿੱਡ ਤੋਂ ਉਲਟਪੁਰ ਫੀਡਰ ਤੱਕ ਜਾਂਦੀ ਲਾਈਨ ਜੰਗਲ ਤੋਂ ਬਾਹਰ ਕੱਢਣ ਦਾ ਕੰਮ ਸ਼ੁਰੂ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 18 ਅਕਤੂਬਰ
ਪਾਵਰਕੌਮ ਦੇ ਭੁਨਰਹੇੜੀ ਗਰਿੱਡ ਤੋਂ ਉਲਟਪੁਰ ਫੀਡਰ ਤੱਕ ਜਾਂਦੀ ਲਾਈਨ ਨੂੰ ਜੰਗਲ ਤੋਂ ਬਾਹਰ ਕੱਢ ਕੇ ਸੜਕ ਦੇ ਨਾਲ-ਨਾਲ ਸਥਾਪਤ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਭੁਨਰਹੇੜੀ ਗਰਿੱਡ ਤੋਂ ਉਲਟਪੁਰ ਫੀਡਰ ਨੂੰ ਜਾਂਦੀ ਲਾਈਨ ਜੰਗਲ ਵਿੱਚੋਂ ਬਹੁਤ ਸਮੇਂ ਤੋਂ ਲੰਘ ਰਹੀ ਸੀ, ਜਿਸ ਨੂੰ ਬਾਹਰ ਕੱਢਣ ਲਈ ਜਥੇਬੰਦੀ ਵੱਲੋਂ ਬੜੀ ਜੱਦੋ-ਜਹਿਦ ਕੀਤੀ ਗਈ। ਹੁਣ ਪਾਵਰਕੌਮ ਦੇ ਅਧਿਕਾਰੀਆਂ ਨੇ ਇਸ ਲਾਈਨ ਨੂੰ ਬਾਹਰ ਕੱਢਣ ਲਈ ਸਹਿਮਤੀ ਦੇ ਦਿੱਤੀ ਹੈ। ਅੱਜ ਇਹ ਕੰਮ ਬੂਟਾ ਸਿੰਘ ਸ਼ਾਦੀਪੁਰ ਨੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਅਤੇ ਲੱਡੂ ਵੰਡ ਕੇ ਸ਼ੁਰੂ ਕਰਵਾਇਆ। ਇਸ ਮੌਕੇ ਵਿਭਾਗ ਦੇ ਐੱਸ.ਡੀ.ਓ. ਦੇਵੀਗੜ੍ਹ ਅਤੇ ਬਿਜਲੀ ਬੋਰਡ ਦੇ ਜੇ.ਈ. ਅਮਨ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਸ੍ਰੀ ਸ਼ਾਦੀਪੁਰ ਨੇ ਦੱਸਿਆ ਕਿ ਇਸ ਲਾਈਨ ਦੇ ਨਾਲ ਹੀ 24 ਘੰਟੇ ਵਾਲੀ ਲਾਈਨ ਪਾਈ ਜਾਵੇਗੀ। ਉਨ੍ਹਾਂ ਵੱਲੋਂ ਮਹਿਕਮੇ ਨੂੰ ਅਪੀਲ ਕੀਤੀ ਗਈ ਕਿ ਜਿਹੜਾ ਕਣਕਾਂ ਨੂੰ ਪਾਣੀ ਲੱਗਣਾ ਹੈ, ਉਹ ਇਸ ਲਾਈਨ ਤੋਂ ਲਾਉਣ ਲਈ ਲਾਈਨ ਜਲਦੀ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਤੇ ਮੈਂਬਰ ਵੰਡ ਗਰੇਵਾਲ ਸਮੇਤ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਲਖਵਿੰਦਰ ਸਿੰਘ ਵਿਰਕ, ਲੱਭੀ ਉਪਲੀ, ਰਸ਼ਪਾਲ ਸਿੰਘ, ਕਾਲਾ ਸਿੰਘ, ਸਰਪੰਚ ਸੁਰਜੀਤ ਸਹੋਤਾ, ਅਵਤਾਰ ਸਿੰਘ ਉਲਟਪੁਰ, ਤਰਸੇਮ ਧੀਮਾਨ, ਮਨਜੀਤ ਸਿੰਘ ਬਾਹਲ, ਬਲਦੇਵ ਸਿੰਘ ਸੰਧੂ, ਸੁਬੇਗ ਸਿੰਘ, ਤਰਲੋਚਨ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਤੇਜਿੰਦਰ ਸਿੰਘ ਅਤੇ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ।