ਸੈਕਟਰ-8 ਵਿੱਚ ਘਰਾਂ ’ਚੋਂ ਬਜਿਲੀ ਮੀਟਰ ਬਾਹਰ ਕੱਢਣ ਦਾ ਕੰਮ ਜਲਦੀ ਹੋਵੇਗਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਇੱਥੋਂ ਦੇ ਸੈਕਟਰ-8 ਵਿੱਚ ਘਰਾਂ ’ਚੋਂ ਬਜਿਲੀ ਦੇ ਮੀਟਰ ਬਾਹਰ ਕੱਢਣ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਇਹ ਕੰਮ ਦਸੰਬਰ ਮਹੀਨੇ ਦੇ ਅਖੀਰ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਯੂਟੀ ਦੇ ਬਜਿਲੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੈਕਟਰ-8 ਵਿੱਚ ਸਿੰਗਲ ਫੇਜ਼ ਦੇ 468 ਅਤੇ ਥ੍ਰੀ ਫੇਜ਼ ਦੇ 874 ਮੀਟਰ ਹਨ। ਇਨ੍ਹਾਂ ਮੀਟਰਾਂ ਨੂੰ ਘਰਾਂ ’ਚੋਂ ਬਾਹਰ ਕੱਢਣ ਦਾ ਕੰਮ ਤਿੰਨ ਜਾਂ ਚਾਰ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਘਰਾਂ ਵਿੱਚੋਂ ਬਜਿਲੀ ਦੇ ਮੀਟਰ ਬਾਹਰ ਕੱਢਣ ਦੇ ਕੰਮ ’ਤੇ 2.52 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਜਿਲੀ ਵਿਭਾਗ ਸੈਕਟਰ-8 ਵਿੱਚ ਬਜਿਲੀ ਦੇ ਮੀਟਰ ਘਰਾਂ ’ਚੋਂ ਬਾਹਰ ਕੱਢਣ ਦੇ ਨਾਲ-ਨਾਲ ਬਜਿਲੀ ਸਪਲਾਈ ਦੀਆਂ ਤਾਰਾਂ ਵੀ ਜ਼ਮੀਨਦੋਜ਼ ਕਰ ਦੇਵੇਗਾ। ਬਜਿਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਵਾਲੇ ਪ੍ਰਾਜੈਕਟ ਲਈ 18 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸਾਲ 2016 ਵਿੱਚ ਸੈਕਟਰ-8 ਨੂੰ ਬਜਿਲੀ ਸਪਲਾਈ ਜ਼ਮੀਨਦੋਜ਼ ਤਾਰਾਂ ਰਾਹੀਂ ਕਰਨ ਦਾ ਫੈਸਲਾ ਲਿਆ ਗਿਆ ਸੀ, ਤਾਂ ਜੋ ਸੈਕਟਰ-8 ਨੂੰ ਜ਼ਮੀਨਦੋਜ਼ ਤਾਰਾਂ ਨਾਲ ਬਜਿਲੀ ਸਪਲਾਈ ਕਰਨ ਵਾਲਾ ਪਹਿਲਾ ਸੈਕਟਰ ਬਣਾਇਆ ਜਾ ਸਕੇ। ਇਸ ਪ੍ਰਾਜੈਕਟ ਨੂੰ ਸਾਲ 2021 ਵਿੱਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਪ੍ਰਾਜੈਕਟ ਸਿਰੇ ਨਾ ਚੜ੍ਹ ਸਕਿਆ।
ਹੁਣ ਯੂਟੀ ਦੇ ਬਜਿਲੀ ਵਿਭਾਗ ਨੇ ਸੈਕਟਰ-8 ਵਿੱਚ ਬਜਿਲੀ ਮੀਟਰਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਬਜਿਲੀ ਸਪਲਾਈ ਵੀ ਜ਼ਮੀਨਦੋਜ਼ ਤਾਰਾਂ ਰਾਹੀਂ ਕਰਨ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਸਮਾਰਟ ਗਰਿੱਡ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਸਮਾਰਟ ਮੀਟਰ ਲਗਾਉਣ ਲਈ ਸਾਲ 2021 ਵਿੱਚ 241 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਪਾਇਲਟ ਪ੍ਰਾਜੈਕਟ ਤਹਿਤ ਸੈਕਟਰ-29, 31, 47, 48 ਫੈਦਾਂ, ਰਾਮ ਦਰਬਾਰ, ਹੱਲੋਮਾਜਰਾ, ਰਾਏਪੁਰ ਕਲਾਂ, ਮੱਖਣਮਾਜਰਾ, ਦੜੂਆ ਤੇ ਇੰਡਸਟਰੀਅਲ ਏਰੀਆ ਫੇਜ਼-1 ਤੇ 2 ਵਿੱਚ 24 ਹਜ਼ਾਰ ਤੋਂ ਵੱਧ ਸਮਾਰਟ ਮੀਟਰ ਲਗਾਏ ਗਏ ਸਨ। ਯੂਟੀ ਪ੍ਰਸ਼ਾਸਨ ਨੇ ਪੂਰੇ ਸ਼ਹਿਰ ਵਿੱਚ ਸਾਲ 2022-23 ਤੱਕ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਤਿਆਰ ਕੀਤੀ ਸੀ, ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂਟੀ ਦੇ ਬਜਿਲੀ ਵਿਭਾਗ ਦੇ ਨਿੱਜੀਕਰਨ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਸੀ ਇਸ ਲਈ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਸਮਾਰਟ ਮੀਟਰ ਲੱਗਣੇ ਹਾਲੇ ਬਾਕੀ ਹਨ।