ਚੰਡੀਗੜ੍ਹ ਤੋਂ ਹਵਾਈ ਅੱਡੇ ਤੱਕ ਛੋਟਾ ਰਾਹ ਤਿਆਰ ਕਰਨ ਦਾ ਕੰਮ ਲਟਕਿਆ
ਆਤਿਸ਼ ਗੁਪਤਾ
ਚੰਡੀਗੜ੍ਹ, 30 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਇਕ ਸਾਲ ਤੋਂ ਸਿਟੀ ਬਿਟੀਫੁੱਲ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਛੋਟਾ ਰਾਹ ਤਿਆਰ ਕਰਨ ਲਈ ਕੀਤੀ ਜਾ ਰਹੀ ਚਾਰਾਜੋਈ ਵਿਚਕਾਰ ਹੀ ਲਟਕ ਗਈ ਹੈ। ਇਸ ਲਈ ਪੰਜਾਬ ਸਰਕਾਰ ਨੇ ਪਿੰਡ ਜਗਤਪੁਰਾ ਤੇ ਖੰਡਾਲਾ ਵਿੱਚ ਲੋੜੀਂਦੀ ਜ਼ਮੀਨ ਐਕੁਆਇਰ ਕਰਨ ਤੋਂ ਹੱਥ ਪਿਛੇ ਖਿੱਚ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਛੋਟਾ ਰਾਹ ਤਿਆਰ ਕਰਨ ਲਈ 51 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਇਸ ਵਿੱਚੋਂ ਚੰਡੀਗੜ੍ਹ ਵਿੱਚ 39 ਏਕੜ ਅਤੇ ਪੰਜਾਬ ਦੇ ਪਿੰਡ ਜਗਤਪੁਰਾ ਤੇ ਖੰਡਾਲਾ ਵਿੱਚ 12 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਜ਼ਮੀਨ ਐਕੁਆਇਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਤਿਆਰ ਹੋ ਗਿਆ ਹੈ, ਜਦੋਂ ਕਿ ਪੰਜਾਬ ਨੇ ਅਸਹਿਮਤੀ ਜਤਾ ਦਿੱਤੀ ਹੈ। ਇਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨਨੇ ਇਸ ਪ੍ਰਾਜੈਕਟ ਨੂੰ ਵਿਚਕਾਰ ਹੀ ਰੋਕ ਦਿੱਤਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਾਜੈਕਟ ਬਾਰੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੱਲੋਂ ਆਖਰੀ ਫੈਸਲਾ ਲਿਆ ਜਾਵੇਗਾ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਹ 125 ਕਰੋੜ ਰੁਪਏ ਦੀ ਲਾਗਤ ਨਾਲ ਛੋਟਾ ਰੂਟ ਤਿਆਰ ਕਰ ਰਿਹਾ ਹੈ। ਇਸ ਨਾਲ ਇਹ ਰਾਹ 5 ਕਿਲੋਮੀਟਰ ਘੱਟ ਜਾਵੇਗਾ ਤਾਂ ਫੇਰ 300 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਰਾਹ ਤਿਆਰ ਕਰਨ ਦਾ ਕੋਈ ਮਤਲਬ ਨਹੀਂ ਹੈ।ਜ਼ਿਕਰਯੋਗ ਹੈ ਪਿਛਲੇ ਸਾਲ ਨਵੰਬਰ ਮਹੀਨਾਂ ਵਿੱਚ ਸਾਬਕਾ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ 2018 ਭੂਮੀ ਗ੍ਰਹਿਣ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ,ਯੂਟੀ ਪ੍ਰਸ਼ਾਸਨ ਨੇ ਜ਼ਮੀਨ ਮਾਲਕਾਂ ਨੂੰ 2.54 ਕਰੋੜ ਰੁਪਏ ਤੋਂ 3.34 ਕਰੋੜ ਰੁਪਏ ਪ੍ਰਤੀ ਏਕੜ ਤੱਕ ਦੇ ਮੁਆਵਜ਼ੇ ਦੀ ਪੇਸ਼ਕਸ਼ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਹਾਲਾਂਕਿ ਜ਼ਮੀਨ ਮਾਲਕਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ ਹੈ।
ਦੱਸਣਯੋਗ ਹੈ ਕਿ ਇਹ ਸੜਕ ਬਣਨ ਤੋਂ ਬਾਅਦ ਚੰਡੀਗੜ੍ਹ ਤੋਂ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਰਸਤਾ 11.5 ਕਿਲੋਮੀਟਰ ਤੋਂ ਘੱਟ ਕੇ ਸਾਢੇ ਤਿੰਨ ਕਿਲੋਮੀਟਰ ਰਹਿ ਜਾਵੇਗਾ। ਇਸ ਸੜਕ ਦੀ ਉਸਾਰੀ ਤੋਂ ਬਾਅਦ 25 ਮਿੰਟਾਂ ਦਾ ਰਾਹ ਸਿਰਫ਼ ਪੰਜ ਤੋਂ ਸੱਤ ਮਿੰਟ ਵਿੱਚ ਤੈਅ ਕੀਤਾ ਜਾ ਸਕੇਗਾ। ਇਸ ਸੜਕ ਦੇ ਦੋਵੇਂ ਪਾਸੇ ਸਰਵਿਸ ਲੇਨ ਅਤੇ ਦੋ ਮੀਟਰ ਚੌੜਾ ਸਾਈਕਲ ਟਰੈਕ ਬਣਾਉਣ ਦਾ ਫੈਸਲਾ ਵੀ ਲਿਆ ਗਿਆ ਹੈ।