ਪਿੰਡਾਂ ’ਚ ਪੀਐੱਨਜੀ ਪਾਈਪ ਲਾਈਨ ਵਿਛਾਉਣ ਦੇ ਕੰਮ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਕੈਬਨਿਟ ਮੰਤਰੀ ਅਤੇ ਨਜ਼ਫਗੜ੍ਹ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੈਲਾਸ਼ ਗਹਿਲੋਤ ਨੇ ਅੱਜ ਨਜਫਗੜ੍ਹ ਦੇ ਢਿਚੌਂਅ ਕਲਾਂ ਤੇ ਖਹਿਰਾ ਪਿੰਡਾਂ ਵਿੱਚ ਇੰਦਰਪ੍ਰਸਥ ਗੈਸ ਲਿਮਟਿਡ ਵੱਲੋਂ ਪਾਈਪਡ ਨੈਚੁਰਲ ਗੈਸ (ਪੀਐਨਜੀ) ਪਾਈਪ ਲਾਈਨ ਵਿਛਾਉਣ ਦਾ ਉਦਘਾਟਨ ਕੀਤਾ। ਲਗਪਗ 1 ਕਰੋੜ ਰੁਪਏ ਦੀ ਲਾਗਤ ਨਾਲ ਦੋ ਮਹੀਨਿਆਂ ਵਿੱਚ ਪਾਈਪ ਲਾਈਨ ਵਿਛਾਉਣ ਦੇ ਕੰਮ ਦੇ ਨਾਲ-ਨਾਲ ਦੋਵਾਂ ਪਿੰਡਾਂ ਦੇ ਘਰਾਂ ਨੂੰ ਪੀਐੱਨਜੀ ਕੁਨੈਕਸ਼ਨ ਸ਼ੁਰੂ ਕਰ ਦੇਣ ਦੀ ਉਮੀਦ ਹੈ। ਸ੍ਰੀ ਗਹਿਲੋਤ ਨੇ ਕਿਹਾ ਕਿ 2015 ਤੋਂ ਪਹਿਲਾਂ ਨਜ਼ਫਗੜ੍ਹ ਵਿੱਚ ਸਿਰਫ 15 ਕਿਲੋਮੀਟਰ ਲਾਈਨ ਵਿਛਾਈ ਗਈ ਸੀ ਅਤੇ 2015 ਤੋਂ ਹੁਣ ਤੱਕ 227 ਕਿਲੋਮੀਟਰ ਲਾਈਨ ਵਿਛਾਈ ਜਾ ਚੁੱਕੀ ਹੈ, 2025 ਤੱਕ ਸਾਰੇ ਇਲਾਕੇ ਵਿੱਚ ਗੈਸ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਨਜ਼ਫਗੜ੍ਹ ਦੀਆਂ ਕਲੋਨੀਆਂ ਅਤੇ ਪਿੰਡਾਂ ਨੂੰ ਪੂਰਾ ਕੀਤਾ ਜਾਵੇਗਾ। ਮਿੱਤਰਾਂ, ਢਾਂਸਾ, ਕਾਜ਼ੀਪੁਰ, ਈਸਾਪੁਰ, ਬੱਕਰਗੜ੍ਹ, ਮੁੰਡੇਲਾ ਕਲਾਂ, ਮੁੰਡੇਲਾ ਖੁਰਦ, ਕੇਰ, ਉਜਵਾ, ਮਲਿਕਪੁਰ, ਸਮਸਪੁਰ, ਜਾਫਰਪੁਰ ਅਤੇ ਸੁਰਖਪੁਰ ਪਿੰਡ ਯੋਜਨਾ ਵਿੱਚ ਸ਼ਾਮਲ ਹਨ। 2015 ਤੋਂ ਲੈ ਕੇ ਨਜਫਗੜ੍ਹ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ 227 ਕਿੱਲੋਮੀਟਰ ਪੀਐਨਜੀ ਪਾਈਪ ਲਾਈਨ ਵਿਛਾਈ ਗਈ ਹੈ, ਜਿਸ ਵਿੱਚ 48,550 ਮੀਟਰ ਪੀਐੱਨਜੀ ਪਾਈਪ ਲਾਈਨ 2015 ਤੋਂ 2020 ਅਤੇ 2020 ਤੋਂ 2023 ਤੱਕ 51,700 ਮੀਟਰ ਪੀਐੱਨਜੀ ਪਾਈਪ ਲਾਈਨ ਵਿਛਾਈ ਗਈ ਸੀ।